Latest Punjab News: ਸੂਬੇ ਵਿੱਚ ਜ਼ਮੀਨੀ ਪੱਧਰ ‘ਤੇ ਵਿਸ਼ਵ-ਪੱਧਰੀ ਕ੍ਰਿਕਟ ਖਿਡਾਰੀਆਂ ਨੂੰ ਤਿਆਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕ੍ਰਿਕਟ ਲੀਗ ਸ਼ੁਰੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ।
ਅੱਜ ਸ਼ਾਮ ਆਪਣੀ ਸਰਕਾਰੀ ਰਿਹਾਇਸ਼ ਵਿਖੇ ਨਵੀਂ ਬਣੀ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨਾਲ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਲੀਗ ਨੂੰ ਪਿੰਡ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਮੈਚ ਕਰਵਾਉਣੇ ਚਾਹੀਦੇ ਹਨ ਤਾਂ ਜੋ ਜ਼ਮੀਨੀ ਪੱਧਰ ‘ਤੇ ਕ੍ਰਿਕਟ ਦੇ ਹੁਨਰ ਦੀ ਪਛਾਣ ਕਰਕੇ ਕ੍ਰਿਕਟ ਦੇ ਖਿਡਾਰੀਆਂ ਨੂੰ ਵੱਡੇ ਟੂਰਨਾਮੈਂਟਾਂ ਲਈ ਸ਼ਿਗਾਰਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਵੱਕਾਰੀ ਟੂਰਨਾਮੈਂਟ ਨੂੰ ਖੇਡਾਂ ਵਤਨ ਪੰਜਾਬ ਦੀਆਂ, ਜੋ ਸੂਬਾ ਸਰਕਾਰ ਵੱਲੋਂ ਹਰ ਸਾਲ ਉਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਢੁਕਵਾਂ ਮੰਚ ਪ੍ਰਦਾਨ ਕਰਦੀਆ ਹਨ, ਦੀ ਤਰਜ਼ ‘ਤੇ ਉਲੀਕਿਆ ਜਾਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਲਪਨਾ ਕੀਤੀ ਕਿ ਇਹ ਲੀਗ ਪੰਜਾਬ ਭਰ ਦੇ ਕ੍ਰਿਕਟਰਾਂ ਦੀ ਅੰਦਰੂਨੀ ਸਮਰੱਥਾ ਨੂੰ ਬਾਹਰ ਲਿਆਉਣ ਵਿੱਚ ਵੀ ਮਦਦ ਕਰੇਗੀ, ਜਿਸ ਨਾਲ ਇਸ ਖੇਡ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਿਡਾਰੀ ਜਿਵੇਂ ਕਿ ਹਰਭਜਨ ਸਿੰਘ (ਸੰਸਦ ਮੈਂਬਰ), ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਅਤੇ ਹੋਰ ਪਹਿਲਾਂ ਹੀ ਕ੍ਰਿਕਟ ਦੇ ਖੇਤਰ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਲਈ ਮਜ਼ਬੂਤ ਪਲੇਟਫਾਰਮ ਪ੍ਰਦਾਨ ਕੀਤਾ ਜਾਵੇ ਤਾਂ ਪੰਜਾਬ ਤੋਂ ਅਜਿਹੇ ਹੋਰ ਵੀ ਪ੍ਰਤਿਭਾਸ਼ਾਲੀ ਖਿਡਾਰੀ ਉੱਭਰ ਕੇ ਸਾਹਮਣੇ ਆਉਣਗੇ। ਭਗਵੰਤ ਸਿੰਘ ਮਾਨ ਨੇ ਨਵੀਂ ਚੁਣੀ ਗਈ ਪੀਸੀਏ ਟੀਮ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਟੀਮ ਪੰਜਾਬ ਵਿੱਚ ਕ੍ਰਿਕਟ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਮੁੱਲਾਂਪੁਰ ਵਿੱਚ ਮੌਜੂਦਾ ਸਟੇਡੀਅਮ ਤੋਂ ਇਲਾਵਾ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਏਗੀ।
ਭਗਵੰਤ ਸਿੰਘ ਮਾਨ ਨੇ ਮਾਣ ਨਾਲ ਕਿਹਾ ਕਿ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ ਪੰਜਾਬ ਤੋਂ ਹਨ। ਉਨ੍ਹਾਂ ਨੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਅਤੇ ਅਥਲੈਟਿਕ ਹੁਨਰ ਨੂੰ ਉਤਸ਼ਾਹਿਤ ਕਰਕੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਦੌਰਾਨ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਪ੍ਰਧਾਨ ਅਮਰਜੀਤ ਮਹਿਤਾ, ਉਪ ਪ੍ਰਧਾਨ ਦੀਪਕ ਬਾਲੀ, ਸਕੱਤਰ ਕੁਲਵੰਤ ਸਿੰਘ ਵਿਧਾਇਕ ਅਤੇ ਹੋਰ ਸ਼ਾਮਲ ਸਨ, ਨੇ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਸੂਬੇ ਵਿੱਚ ਕ੍ਰਿਕਟ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਹਰ ਜ਼ਰੂਰੀ ਕਦਮ ਚੁੱਕੇਗੀ।