Mandi Gobindgarh: ਦੱਸਿਆ ਜਾ ਰਿਹਾ ਹੈ ਕਿ ਬਿੱਲੀ ਨੇ ਇੱਕ ਕਬੂਤਰ ਨੂੰ ਮਾਰਿਆ ਸੀ, ਇਸ ਲਈ ਕਬੂਤਰ ਦੇ ਮਾਲਕ ਨੇ ਬੱਚਿਆਂ ਨੂੰ ਇਹ ਘਿਣਾਉਣਾ ਕੰਮ ਕਰਨ ਲਈ ਉਕਸਾਇਆ।
Children Beat a Cat with Sticks: ਜਾਨਵਰਾਂ ਨਾਲ ਅਕਸਰ ਹੀ ਕੁਰਰਤਾ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਜੋ ਵੀਡੀਓ ਸਾਹਮਣੇ ਆਈ ਹੈ ਉਸ ‘ਚ ਕੋਈ ਵੱਡਾ ਨਹੀਂ ਸਗੋਂ ਬੱਚਿਆਂ ਨੂੰ ਉਕਸਾ ਕੇ ਅਜਿਹਾ ਕੰਮ ਕਰਵਾਇਆ ਗਿਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਘਟਨਾ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਕੱਚਾ ਸ਼ਾਂਤੀ ਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ।
ਵੀਡੀਓ ‘ਚ ਜਿੱਥੇ ਬੱਚਿਆਂ ਵੱਲੋਂ ਇੱਕ ਬਿੱਲੀ ਨੂੰ ਡੰਡਿਆਂ ਨਾਲ ਬੁਰੀ ਤਰਾਂ ਮਾਰਿਆ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਬੱਚੇ ਬਿੱਲੀ ‘ਤੇ ਉਦੋਂ ਤੱਕ ਹਮਲਾ ਕਰਦੇ ਹਨ ਜਦੋਂ ਤੱਕ ਉਹ ਮਰ ਨਹੀਂ ਜਾਂਦੀ। ਦੱਸਿਆ ਜਾ ਰਿਹਾ ਹੈ ਕਿ ਬਿੱਲੀ ਨੇ ਇੱਕ ਕਬੂਤਰ ਨੂੰ ਮਾਰਿਆ ਸੀ, ਇਸ ਲਈ ਕਬੂਤਰ ਦੇ ਮਾਲਕ ਨੇ ਬੱਚਿਆਂ ਨੂੰ ਇਹ ਘਿਣਾਉਣਾ ਕੰਮ ਕਰਨ ਲਈ ਉਕਸਾਇਆ।
ਬੱਚੇ ਬਿੱਲੀ ‘ਤੇ ਹਮਲਾ ਕਰਦੇ ਸਮੇਂ ਗਾਲ੍ਹਾਂ ਵੀ ਕੱਢਦੇ ਸੁਣਾਈ ਦੇ ਰਹੇ ਹਨ। ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਨੇ ਬੱਚਿਆਂ ਨੂੰ ਇਹ ਕੰਮ ਕਰਨ ਲਈ ਉਕਸਾਇਆ। ਬਿੱਲੀ ਨੂੰ ਮਾਰਨ ਤੋਂ ਬਾਅਦ, ਬੱਚੇ ਵੀਡੀਓ ਵਿੱਚ ਜਿੱਤ ਦਾ ਚਿੰਨ੍ਹ ਬਣਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ।
ਘਟਨਾ ‘ਤੇ ਕਈ ਲੋਕਾਂ ਨੇ ਡੂੰਘਾ ਗੁੱਸਾ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਮੰਡੀ ਗੋਬਿੰਦਗੜ੍ਹ ਪੁਲਿਸ ਥਾਣੇ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਅਜੇ ਤੱਕ ਪੁਲਿਸ ਕੋਲ ਕਿਸੇ ਤਰ੍ਹਾਂ ਦੀ ਕੋਈ ਦਰਖਾਸਤ ਨਹੀਂ ਪਹੁੰਚੀ, ਜਦੋਂ ਕਿ ਪੁਲਿਸ ਵੱਲੋਂ ਆਪਣੇ ਪੱਧਰ ਤੇ ਕਾਰਵਾਈ ਜ਼ਰੂਰ ਅਮਲ ਵਿੱਚ ਲਿਆਂਦੀ ਜਾਵੇਗੀ।