Health Minister inspects hospital : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਨਿਰੀਖਣ ਕੀਤਾ, ਜਿਸ ਦੌਰਾਨ ਗੈਰਹਾਜ਼ਰ ਪਾਏ ਜਾਣ ਵਾਲੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ (SMO) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਅੱਜ ਸ਼ਾਮ ਤੱਕ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਸਪਤਾਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਚੈਕਿੰਗ ਦੌਰਾਨ ਰਜਿਸਟ੍ਰੇਸ਼ਨ ਕਾਊਂਟਰ ਪਏ ਸੀ ਬੰਦ
ਸਿਹਤ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਹੈ ਕਿ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਵਿੱਚ ਸਵੇਰੇ 9 ਵਜੇ ਅਚਾਨਕ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਰਜਿਸਟ੍ਰੇਸ਼ਨ ਕਾਊਂਟਰ ਬੰਦ ਸੀ। ਜਦੋਂ ਕਿ ਕਾਊਂਟਰ ਦੇ ਬਾਹਰ ਮਰੀਜ਼ਾਂ ਦੀ ਲੰਬੀ ਕਤਾਰ ਸੀ। ਓਪੀਡੀ ਦੇ ਕਮਰੇ ਵੀ ਬੰਦ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਕਮ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਵੇਰੇ 8:30 ਵਜੇ ਖੁੱਲ੍ਹਣਗੇ ਰਜਿਸਟ੍ਰੇਸ਼ਨ ਕਾਊਂਟਰ
ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਦੇ ਰਜਿਸਟ੍ਰੇਸ਼ਨ ਕਾਊਂਟਰ ਸਵੇਰੇ 8:30 ਵਜੇ ਖੁੱਲ੍ਹਣੇ ਚਾਹੀਦੇ ਹਨ, ਜਦੋਂ ਕਿ ਮਰੀਜ਼ਾਂ ਦੀ ਜਾਂਚ ਅਤੇ ਓਪੀਡੀ ਸੇਵਾਵਾਂ ਸਵੇਰੇ 9 ਵਜੇ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਦਰਅਸਲ ਅੱਜ ਸਵੇਰੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਦਾ ਅਚਨਚੇਤ ਨਿਰੀਖਣ ਕੀਤਾ ਸੀ। ਉਹ ਸਵੇਰੇ 8:50 ਵਜੇ ਹਸਪਤਾਲ ਪਹੁੰਚ ਗਏ। ਹਸਪਤਾਲ ਦਾ ਨਿਯਮਤ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ। ਮੰਤਰੀ ਦੇ ਅਚਾਨਕ ਆਉਣ ਨਾਲ ਸਟਾਫ਼ ਵਿੱਚ ਹੜਕੰਪ ਮਚ ਗਿਆ। ਨਿਰੀਖਣ ਦੌਰਾਨ ਮੰਤਰੀ ਨੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ। ਉਨ੍ਹਾਂ ਤੁਰੰਤ ਸਿਵਲ ਸਰਜਨ ਤੇ ਐਸਐਚਓ ਨੂੰ ਸਥਿਤੀ ਸੁਧਾਰਨ ਦੇ ਨਿਰਦੇਸ਼ ਦਿੱਤੇ। ਰਜਿਸਟ੍ਰੇਸ਼ਨ ਕਾਊਂਟਰ ‘ਤੇ ਵਾਧੂ ਸਟਾਫ਼ ਤਾਇਨਾਤ ਕਰਨ ਲਈ ਕਿਹਾ।