Firozpur School Bus: ਫ਼ਿਰੋਜ਼ਪੁਰ ਵਿਚ ਨਾਲੇ ਵਿਚ ਡਿੱਗੀ ਬੱਚਿਆਂ ਨਾਲ ਭਰੀ ਸਕੂਲ ਬੱਸ, ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ
Firozpur School Bus: ਪੰਜਾਬ ਵਿੱਚ ਅੱਜ ਤੜਕੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਨਾਲੇ ਵਿੱਚ ਪਲਟ ਗਈ। ਇਹ ਹਾਦਸਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੀਵਾਲਾ ਵਿੱਚ ਵਾਪਰਿਆ, ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਪੁਲ ਅਤੇ ਗਰਿੱਲ ਨਾਲ ਟਕਰਾ ਕੇ ਨਾਲੇ ਵਿੱਚ ਡਿੱਗ ਗਈ।
ਇਸ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, “ਉਨ੍ਹਾਂ ਨੂੰ ਫ਼ਿਰੋਜ਼ਪੁਰ ਦੇ ਸੇਮ ਨਾਲੇ ਵਿੱਚ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਮੈਨੂੰ ਬਚਾਅ ਕਾਰਜਾਂ ਬਾਰੇ ਪਲ-ਪਲ ਜਾਣਕਾਰੀ ਮਿਲ ਰਹੀ ਹੈ। ਅਸੀਂ ਸਾਰਿਆਂ ਦੀ ਸਿਹਤ ਅਤੇ ਸੁਰੱਖਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
ਦੱਸ ਦੇਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀਆਂ ਸੀਟਾਂ ਵੀ ਉਖੜ ਗਈਆਂ ਅਤੇ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਬੱਸ ‘ਚ 30 ਦੇ ਕਰੀਬ ਬੱਚੇ ਸਵਾਰ ਸਨ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।