‘ਮੋਦੀ-ਮੋਦੀ’ ਦੇ ਨਾਅਰਿਆਂ ‘ਚ ਘਿਰ ਗਏ CM ਮਾਨ, ਵਿਚਾਲੇ ਛੱਡਣਾ ਪਿਆ ਭਾਸ਼ਣ
Punjab News: ਹਲਵਾਰਾ ਏਅਰਪੋਰਟ ਦੇ ਉਦਘਾਟਨ ਦੇ ਨਾਲ ਆਦਮਪੁਰ ਏਅਰਪੋਰਟ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕਰਨ ਸਬੰਧੀ ਸਮਾਰੋਹ ਵਿਚ ਸਿਆਸੀ ਮਾਹੌਲ ਦੇਖਣ ਨੂੰ ਮਿਲਿਆ। ਕਿਆਸ ਲਗਾਏ ਜਾ ਰਹੇ ਹਨ ਕਿ ਪੀ.ਐੱਮ. ਨਰਿੰਦਰ ਮੋਦੀ ਨਾਲ ਰੂਬਰੂ ਤੋਂ ਬਚਣ ਦੇ ਲਈ ਸੀ.ਐੱਮ. ਮਾਨ ਨੇ ਜਲੰਧਰ ਵਿਚ ਸ੍ਰੀ ਗੁਰੂ ਰਵਿਦਾਸ ਜਯੰਤੀ ਦੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਬਜਾਏ ਹਲਵਾਰਾ ਏਅਰਪੋਰਟ ਦੀ ਸਾਈਟ ’ਤੇ ਆਉਣ ਨੂੰ ਪਹਿਲ ਦਿੱਤੀ ਗਈ ਪਰ ਇਸ ਦੌਰਾਨ ਵੀ ਉਹ ਮੋਦੀ ਦੀ ਪਰਛਾਈ ਤੋਂ ਬਚ ਨਹੀਂ ਸਕੇ ਕਿਉਂਕਿ ਸੀ.ਐੱਮ. ਮਾਨ ਜਦ ਭਾਸ਼ਣ ਦੇ ਰਹੇ ਸੀ ਤਾਂ ਉਸ ਸਮੇਂ ਮੋਦੀ ਆਦਮਪੁਰ ਏਅਰਪੋਰਟ ਪੁੱਜ ਗਏ।
ਇਸ ਦੀ ਲਾਈਵ ਵੀਡੀਓ ਸਟੇਜ ਦੇ ਪਿੱਛੇ ਲੱਗੀ ਵੱਡੀ ਸਕ੍ਰੀਨ ’ਤੇ ਸ਼ੇਅਰ ਹੋਣ ਦੇ ਨਾਲ ਹੀ ਸਮਾਰੋਹ ਵਿਚ ਮੌਜੂਦ ਭਾਜਪਾ ਮੈਂਬਰਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮਾਹੌਲ ਵਿਚ ਮਾਨ ਨੂੰ ਇਹ ਕਹਿ ਕੇ ਆਪਣਾ ਭਾਸ਼ਣ ਖਤਮ ਕਰਨਾ ਪਿਆ ਕਿ ਹੁਣ ਮੋਦੀ ਆ ਗਏ ਹਨ। ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਵੀਡੀਓ ਭਾਜਪਾ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕਾਫੀ ਸ਼ੇਅਰ ਕਰ ਰਹੇ ਹਨ।
ਹਲਵਾਰਾ ਏਅਰਪੋਰਟ ਦੇ ਉਦਘਾਟਨ ਦੇ ਦੌਰਾਨ ਸੀ.ਐੱਮ. ਮਾਨ ਵਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸਵਾਗਤ ਕਰਨ ਤੋਂ ਲੈ ਕੇ ਉਨ੍ਹਾਂ ਦੋਵਾਂ ਦੇ ਵਿਚਕਾਰ ਕਈ ਵਾਰ ਗੁਫਤਗੂ ਹੋਣ ਦਾ ਮੁੱਦਾ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ ਭਾਂਵੇਕਿ ਮਾਨ ਅਤੇ ਬਿੱਟੂ ਅਲੱਗ-ਅਲੱਗ ਪਾਰਟੀਆਂ ਤੋਂ ਐੱਮ.ਪੀ. ਹੋਣ ਦੇ ਬਾਵਜੂਦ ਚੰਗੇ ਦੋਸਤ ਰਹੇ ਹਨ ਪਰ ਮਾਨ ਦੇ ਸੀ.ਐੱਮ. ਬਣਨ ਦੇ ਕੁਝ ਦੇਰ ਬਾਅਦ ਅਤੇ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕੁਝ ਦੇਰ ਬਾਅਦ ਰਿਸ਼ਤਿਆਂ ਵਿਚ ਕੜਵਾਹਟ ਆ ਗਈ।