Bhindranwale Flags: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਦੋਪਹੀਆ ਵਾਹਨਾਂ ‘ਤੇ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਝੰਡੇ ਉਤਾਰ ਕੇ ਪੈਰਾਂ ਹੇਠ ਰੋਲਣ ਦਾ ਮਾਮਲਾ ਗਰਮਾ ਗਿਆ ਹੈ। ਹਿਮਾਚਲ ਪੁਲਿਸ ਦੀ ਹਾਜ਼ਰੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਨੌਜਵਾਨਾਂ ਨਾਲ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪਹਿਲੀ ਘਟਨਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਸਿੱਖ ਨੌਜਵਾਨਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕਿਆ ਤੇ ਉਨ੍ਹਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਾ ਦਿੱਤੇ। ਇਸ ਦੇ ਨਾਲ ਹੀ ਡਰਾਈਵਰਾਂ-ਕੰਡਕਟਰਾਂ ਨੂੰ ਧਮਕੀ ਦਿੱਤੀ ਕਿ ਇਨ੍ਹਾਂ ਪੋਸਟਰਾਂ ਨੂੰ ਨਾ ਹਟਾਉਣ।
ਇਸ ਪੂਰੀ ਘਟਨਾ ਦੀ ਵੀਡੀਓ ਤੇ ਫੋਟੋਆਂ ਸਾਹਮਣੇ ਆਈਆਂ ਹਨ ਜਿਸ ਵਿੱਚ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ‘ਤੇ ਉਕਤ ਸੰਤ ਭਿੰਡਰਾਂਵਾਲੇ ਦੇ ਪੋਸਟਰ ਲਗਾਏ ਜਾ ਰਹੇ ਹਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਸਿੱਖ ਨੌਜਵਾਨਾਂ ਨੇ ਇਹ ਕੰਮ ਲੁੱਕ-ਛਿਪ ਕੇ ਨਹੀਂ ਸਗੋਂ ਹੁਸ਼ਿਆਰਪੁਰ ਦੇ ਮੁੱਖ ਬੱਸ ਅੱਡੇ ‘ਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਖੁੱਲ੍ਹੇਆਮ ਕੀਤਾ ਜਿੱਥੇ ਪੁਲਿਸ ਸੁਰੱਖਿਆ ਵੀ ਤਾਇਨਾਤ ਸੀ। ਸਿੱਖ ਨੌਜਵਾਨਾਂ ਨੇ ਕਿਹਾ ਕਿ ਉਹ ਕਿਸੇ ਧਰਮ ਜਾਂ ਕਿਸੇ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ ਪਰ ਜੇਕਰ ਕੋਈ ਸਾਨੂੰ ਵੰਗਾਰੇਗਾ ਤਾਂ ਅਸੀਂ ਜਵਾਬ ਦਿਆਂਗੇ।
ਪੋਸਟਰ ਲਾਉਣ ਆਏ ਨੌਜਵਾਨਾਂ ਨੇ ਕਿਹਾ ਕਿ ਦਲ ਖਾਲਸਾ ਦੇ ਜ਼ਿਲ੍ਹਾ ਮੁਖੀ ਬਲਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਹਿਮਾਚਲ ਵੱਲ ਜਾਣ ਵਾਲੀਆਂ ਬੱਸਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਲੋਕ ਸਾਨੂੰ ਪੰਜਾਬ ਵਿੱਚ ਇਕੱਠੇ ਰਹਿੰਦੇ ਨਹੀਂ ਦੇਖਣਾ ਚਾਹੁੰਦੇ। ਇਨ੍ਹਾਂ ਲੋਕਾਂ ਨੂੰ ਭਿੰਡਰਾਂਵਾਲਾ ਦੀ ਫੋਟੋ ਨਾਲ ਸਮੱਸਿਆ ਹੈ। ਇਸ ਲਈ ਉਹ ਜਹਿਰ ਖੋਲ੍ਹ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਕੁਝ ਸ਼ਰਾਰਤੀ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸੰਤ ਭਿੰਡਰਾਂਵਾਲੇ ਦੇ ਪੋਸਟਰਾਂ ਨਾਲ ਹਿਮਾਚਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ‘ਤੇ ਅਸੀਂ ਐਲਾਨ ਕਰਦੇ ਹਾਂ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਜਾਂ ਬੱਸ ‘ਤੇ ਜਿਸਨੇ ਪੰਜਾਬ ਵਿੱਚ ਦਾਖਲ ਹੋਣਾ ਹੈ, ਸੰਤ ਭਿੰਡਰਾਂਵਾਲੇ ਦੀ ਫੋਟੋ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਅੱਜ ਦਲ ਖਾਲਸਾ ਵੱਲੋਂ ਐਲਾਨ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਿਮਾਚਲ ਦੇ ਲੋਕ ਪੰਜਾਬ ਵਿੱਚ ਕੰਮ ਕਰਨ ਲਈ ਆਉਂਦੇ ਹਨ। ਜੇਕਰ ਉਨ੍ਹਾਂ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਹਿਮਾਚਲ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ‘ਤੇ ਸੰਤ ਭਿੰਡਰਾਂਵਾਲੇ ਵਿਰੁੱਧ ਕਹੀ ਗਈ ਕੋਈ ਵੀ ਗੱਲ ਨਹੀਂ ਸੁਣਾਂਗੇ। ਅਸੀਂ ਹਿਮਾਚਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਮੁਆਫ਼ੀ ਮੰਗੀ ਜਾਵੇ।
ਹਾਸਲ ਜਾਣਕਾਰੀ ਅਨੁਸਾਰ ਪਿਛਲੇ 4 ਦਿਨਾਂ ਤੋਂ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ ‘ਤੇ ਲੱਗੇ ਭਿੰਡਰਾਂਵਾਲੇ ਦੇ ਪੋਸਟਰ ਤੇ ਝੰਡੇ ਹਟਾਏ ਜਾ ਰਹੇ ਹਨ, ਜਿਨ੍ਹਾਂ ਨੂੰ ਭੜਕਾਊ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮਨਾਲੀ ਪੁਲਿਸ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਮੋਟਰ ਸਾਈਕਲਾਂ ਦੇ ਚਲਾਨ ਵੀ ਕੀਤੇ ਹਨ। ਇਸ ਦੀਆਂ ਕੁਝ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਈਆਂ ਜਿਸ ਕਾਰਨ ਹੁਸ਼ਿਆਰਪੁਰ ਵਿੱਚ ਅਜਿਹਾ ਕੀਤਾ ਗਿਆ।