Patiala News: ਪਟਿਆਲਾ ਵਿੱਚ ਡਾਇਰੀਆ ਦੀ ਲਪੇਟ ਵਿੱਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ ਵਿੱਚ ਇੱਕ ਬੱਚਾ ਤੇ ਇੱਕ ਔਰਤ ਸ਼ਾਮਲ ਹਨ। ਇਸਤੋਂ ਇਲਾਵਾ ਹੁਣ ਤੱਕ ਵਾਰਡ ਨੰਬਰ 15 ਪਿੰਡ ਅਲੀਪੁਰ ਅਰਾਈਆਂ ਖੇਤਰ ਵਿੱਚ ਡਾਇਰੀਆ ਦੇ 54 ਕੇਸ ਸਾਹਮਣੇ ਆ ਚੁੱਕੇ ਹਨ।
ਇਸਤੋਂ ਪਹਿਲਾਂ ਬੀਤੇ ਦਿਨ ਫੋਕਲ ਪੁਆਇੰਟ ਨੇੜੇ ਵੀ ਦਸਤ ਦੇ 35 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ। ਇਨ੍ਹਾਂ ਵਿੱਚੋਂ ਅੱਠ ਮਰੀਜ਼ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਦਾਖਲ ਹਨ। ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਉਪਰੋਕਤ ਮਾਮਲੇ ਦੀ ਪੁਸ਼ਟੀ ਕੀਤੀ ਸੀ।
ਕਿਵੇਂ ਫੈਲੀ ਬਿਮਾਰੀ ?
ਦਸਤ ਫੈਲਣ ਦਾ ਮੁੱਖ ਕਾਰਨ ਇਲਾਕੇ ਵਿੱਚ ਪਾਣੀ ਦੀ ਸਪਲਾਈ ਲਾਈਨ ਵਿੱਚ ਲੀਕੇਜ ਹੈ। ਦਸਤ ਫੈਲਣ ਤੋਂ ਬਾਅਦ, ਸਿਹਤ ਵਿਭਾਗ ਨੇ ਤੁਰੰਤ ਇਲਾਕੇ ਦੇ ਸਾਰੇ ਘਰਾਂ ਦਾ ਸਰਵੇਖਣ ਕਰਨ ਲਈ ਪੰਜ ਟੀਮਾਂ ਭੇਜੀਆਂ ਅਤੇ ਇਲਾਕੇ ਦੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਵਿਭਾਗ ਨੇ ਇਲਾਕੇ ਵਿੱਚ ਇੱਕ ਅਸਥਾਈ ਡਿਸਪੈਂਸਰੀ ਸਥਾਪਤ ਕੀਤੀ ਹੈ, ਜਿੱਥੇ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਗਰ ਨਿਗਮ ਇਲਾਕੇ ਵਿੱਚ ਟੈਂਕਰ ਭੇਜ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਿਹਾ ਹੈ।
ਜਾਣਕਾਰੀ ਅਨੁਸਾਰ ਅਲੀਪੁਰ ਵਿੱਚ ਪਾਣੀ ਦੀ ਸਪਲਾਈ ਲਾਈਨ ਵਿੱਚ ਲੀਕੇਜ ਹੋਣ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਉਸ ਵਿੱਚ ਰਲ ਰਿਹਾ ਸੀ, ਜਿਸ ਕਾਰਨ ਪੀਣ ਕਾਰਨ ਅਚਾਨਕ ਇੰਨੇ ਸਾਰੇ ਮਰੀਜ਼ ਆ ਗਏ ਹਨ। ਦੱਸ ਦੇਈਏ ਕਿ ਕਈ ਦਿਨਾਂ ਤੋਂ ਇਲਾਕੇ ਦੇ ਵਸਨੀਕ ਦੂਸ਼ਿਤ ਪਾਣੀ ਦੀ ਸਪਲਾਈ ਦੀਆਂ ਸ਼ਿਕਾਇਤਾਂ ਲੈ ਕੇ ਨਗਰ ਨਿਗਮ ਤੱਕ ਪਹੁੰਚ ਕਰ ਰਹੇ ਸਨ, ਪਰ ਅਧਿਕਾਰੀਆਂ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਹਲਕੇ ਵਿੱਚ ਲਿਆ। ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਅਧਿਕਾਰੀਆਂ ਨੇ ਪਾਣੀ ਦੇ ਨਮੂਨੇ ਲਏ ਅਤੇ ਨਾ ਹੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਖਮਿਆਜ਼ਾ ਹੁਣ ਇਲਾਕੇ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ, ਉਨ੍ਹਾਂ ਨੇ ਇਲਾਕੇ ਦੀ ਪਾਣੀ ਸਪਲਾਈ ਲਾਈਨ ਬੰਦ ਕਰ ਦਿੱਤੀ। ਰੱਖ-ਰਖਾਅ ਤੋਂ ਬਾਅਦ ਪਾਈਪਲਾਈਨ ਦੀ ਮੁਰੰਮਤ ਵੀ ਕਰ ਦਿੱਤੀ ਗਈ ਹੈ।