ਫਿਲਮ ‘ਪੰਜਾਬ-95’ ਭਾਰਤ ‘ਚ ਪਹਿਲਾਂ ਹੀ ਰਿਲੀਜ਼ ਨਹੀਂ ਹੋ ਰਹੀ ਸੀ। ਕਿਉਂਕਿ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਫਿਲਮ ‘ਚ 120 ਕੱਟਾਂ ਦੀ ਮੰਗ ਕੀਤੀ ਸੀ।
Diljit Dosanjh Movie Punjab 95: ਪੰਜਾਬੀ ਐਕਟਰ- ਸਿੰਗਰ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਇੰਟਰਨੈਸ਼ਨਲ ਪੱਧਰ ‘ਤੇ ਰਿਲੀਜ਼ ਨਹੀਂ ਹੋਵੇਗੀ। ਇਹ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਨਾਲ ਸ਼ੇਅਰ ਕੀਤੀ। ਇਹ ਫਿਲਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਦੀ ਰਿਲੀਜ਼ ਨੂੰ ਲੈ ਕੇ ਭਾਰਤ ‘ਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ – ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕੁਝ ਹਾਲਾਤ ਸਾਡੇ ਵੱਸ ਤੋਂ ਬਾਹਰ ਹਨ।
ਦੱਸ ਦਈਏ ਕਿ ਇਹ ਫਿਲਮ ਭਾਰਤ ਵਿੱਚ ਪਹਿਲਾਂ ਹੀ ਰਿਲੀਜ਼ ਨਹੀਂ ਹੋ ਰਹੀ ਸੀ। ਕਿਉਂਕਿ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਫਿਲਮ ‘ਚ 120 ਕੱਟਾਂ ਦੀ ਮੰਗ ਕੀਤੀ ਸੀ, ਪਰ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਖਾਲਦਾ ਦੇ ਪਰਿਵਾਰਕ ਮੈਂਬਰ ਇਸ ਲਈ ਸਹਿਮਤ ਨਹੀਂ ਹੋਏ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਫਿਲਮ ਭਾਰਤੀ ਸਿਨੇਮਾਘਰਾਂ ‘ਚ ਨਹੀਂ ਦਿਖਾਈ ਜਾਵੇਗੀ। ਇੰਨਾ ਹੀ ਨਹੀਂ ਭਾਰਤ ‘ਚ ਯੂਟਿਊਬ ਤੋਂ ਫਿਲਮ ਦਾ ਟੀਜ਼ਰ ਵੀ ਹਟਾ ਦਿੱਤਾ ਗਿਆ ਹੈ।
ਦਿਲਜੀਤ ਨੇ ਆਪਣੀ ਐਲਬਮ ਦੀ ਰਿਲੀਜ਼ ਡੇਟ ਵੀ ਟਾਲੀ
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਖੁਦ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕਰਦੇ ਹੋਏ ਕਿਹਾ ਸੀ ਕਿ ਫਿਲਮ 7 ਫਰਵਰੀ ਨੂੰ ਵਿਦੇਸ਼ਾਂ (Australia, UK, Canada and America) ‘ਚ ਰਿਲੀਜ਼ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਖੁਦ ਇਸ ਬਾਰੇ ਗੱਲ ਕੀਤੀ ਸੀ। ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਦਿਲਜੀਤ ਨੇ ਲਿਖਿਆ- ਪੂਰੀ ਫਿਲਮ, ਕੋਈ ਕੱਟ ਨਹੀਂ।

ਫਿਲਮ ਦੀ ਰਿਲੀਜ਼ ਨੂੰ ਦੇਖਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਦੀ ਰਿਲੀਜ਼ ਡੇਟ ਵੀ ਟਾਲ ਦਿੱਤੀ ਸੀ। ਦਿਲਜੀਤ ਨੇ ਹਾਲ ਹੀ ‘ਚ ਦਿਲ ਲੁਮਿਨਟੀ ਟੂਰ ਕੀਤਾ ਤੇ ਦੇਸ਼ ਭਰ ‘ਚ ਲਾਈਵ ਕੰਸਰਟ ਕੀਤੇ। ਇਸ ਤੋਂ ਬਾਅਦ 1 ਜਨਵਰੀ ਨੂੰ ਉਨ੍ਹਾਂ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਸਲੂਟ ਕੀਤਾ ਤੇ ਪੀਐਮ ਨੇ ਵੀ ਸਤਿ ਸ਼੍ਰੀ ਅਕਾਲ ਕਹਿ ਕੇ ਦੋਸਾਂਝ ਦਾ ਸਵਾਗਤ ਕੀਤਾ।
ਪਰਿਵਾਰ ਨੇ 4 ਸਾਲ ਪਹਿਲਾਂ ਸਕ੍ਰਿਪਟ ਨੂੰ ਦਿੱਤੀ ਸੀ ਮਨਜ਼ੂਰੀ
ਪਿਛਲੇ ਸਾਲ ਜਦੋਂ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲੱਗ ਗਈ ਸੀ ਤਾਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੈਂਸਰ ਬੋਰਡ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਫਿਲਮ ਉਸਦੇ ਪਤੀ ਦੇ ਜੀਵਨ ‘ਤੇ ਇੱਕ ਸੱਚੀ ਬਾਇਓਪਿਕ ਹੈ, ਜੋ ਉਸਦੇ ਪਰਿਵਾਰ ਦੀ ਸਹਿਮਤੀ ਨਾਲ ਬਣੀ ਹੈ, ਅਤੇ ਬਿਨਾਂ ਕਿਸੇ ਕੱਟ ਦੇ ਰਿਲੀਜ਼ ਹੋਣੀ ਚਾਹੀਦੀ ਹੈ।
ਪਰਮਜੀਤ ਕੌਰ ਖਾਲੜਾ ਨੇ ਇਹ ਵੀ ਦੱਸਿਆ ਸੀ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੇ ਨਿਰਦੇਸ਼ਕ ਹਨੀ ਤ੍ਰੇਹਨ ਨੂੰ ਇਸ ਫਿਲਮ ਦੀ ਸਕ੍ਰਿਪਟ ਪੜ੍ਹ ਕੇ ਹੀ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦਿਲਜੀਤ ਦੁਸਾਂਝ ਨੂੰ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ ਅਤੇ ਉਨ੍ਹਾਂ ਦਾ ਪਰਿਵਾਰ ਇਸ ਚੋਣ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।