ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਤਿੰਨ ਪੜਾਵਾਂ ਅਧੀਨ ਰਾਹਤ ਅਤੇ ਪੁਨਰਵਾਸ ਯੋਜਨਾ ਚਲਾਈ ਜਾਵੇਗੀ
Punjab Flood Relief: ਪੰਜਾਬੀ ਗਾਇਕ, ਅਦਾਕਾਰ ਤੇ ਸਮਾਜਸੇਵੀ ਦਿਲਜੀਤ ਦੋਸਾਂਝ ਨੇ ਹੜ੍ਹ ਪ੍ਰਭਾਵਤ ਪੰਜਾਬੀ ਭਰਾਵਾਂ ਲਈ ਇੱਕ ਵੱਡਾ ਹਮਦਰਦੀ ਭਰਿਆ ਕਦਮ ਚੁੱਕਿਆ ਹੈ। ਉਨ੍ਹਾਂ ਦੀ “ਸਾਂਝ ਫਾਊਂਡੇਸ਼ਨ” ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ 10 ਹੜ੍ਹ ਪੀੜਤ ਪਿੰਡਾਂ ਨੂੰ ਗੋਦ ਲਿਆ ਗਿਆ ਹੈ।

3 ਪੜਾਵਾਂ ਅਧੀਨ ਰਾਹਤ ਯੋਜਨਾ – ਕੀ ਹੋਵੇਗਾ ਕਰਵਾਇਆ?
- ਤੁਰੰਤ ਰਾਹਤ ਅਤੇ ਸਹਾਇਤਾ
ਸਾਂਝ ਫਾਊਂਡੇਸ਼ਨ ਵੱਲੋਂ ਪਹਿਲੇ ਪੜਾਅ ਵਿੱਚ ਪ੍ਰਭਾਵਤ ਘਰਾਂ ਵਿੱਚ ਸੌਰ ਉਜਾਲਾ ਲਾਈਟਾਂ, ਤਿਰਪਾਲ, ਦਵਾਈਆਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਸਮਾਨ ਭੇਜੇ ਜਾ ਰਹੇ ਹਨ।
- ਵਿਸਥਾਰਿਕ ਸਰਵੇਖਣ ਤੇ ਨਿਸ਼ਾਨਦੇਹੀ
ਸਥਾਨਕ ਇੰਤਜ਼ਾਮੀਆਂ ਅਤੇ ਹੋਰ NGO ਜਥਿਆਂ ਨਾਲ ਮਿਲ ਕੇ, ਸਭ ਤੋਂ ਪ੍ਰਭਾਵਤ ਪਰਿਵਾਰਾਂ ਦੀ ਪਛਾਣ ਲਈ ਪਿੰਡਾਂ ਦਾ ਸਰਵੇ ਕੀਤਾ ਜਾਵੇਗਾ। ਇਸ ਅਧਾਰ ‘ਤੇ ਲੋੜਵੰਦ ਪਰਿਵਾਰਾਂ ਨੂੰ ਵਧੇਰੇ ਮਦਦ ਦਿੱਤੀ ਜਾਵੇਗੀ।
- ਦੀਰਘਕਾਲੀ ਪੁਨਰਵਾਸ
ਇਸ ਪੜਾਅ ਵਿੱਚ ਫਾਊਂਡੇਸ਼ਨ ਵੱਲੋਂ ਟੁੱਟੇ ਘਰਾਂ ਦੀ ਮੁਰੰਮਤ, ਰੋਜ਼ਗਾਰ ਮੁੜ ਚਲਾਉਣ ਲਈ ਸਹਾਇਤਾ, ਖੇਤੀਬਾੜੀ ਅਤੇ ਪਸ਼ੂਪਾਲਨ ਲਈ ਸਾਧਨ ਉਪਲਬਧ ਕਰਵਾਏ ਜਾਣਗੇ। ਇਨ੍ਹਾਂ ਪਿੰਡਾਂ ਵਿੱਚ ਪੱਕੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਦਿਲਜੀਤ ਦੋਸਾਂਝ ਦਾ ਸੰਦੇਸ਼
“ਪੰਜਾਬ ਦੀ ਮਿੱਟੀ ਨਾਲ ਮੇਰਾ ਲਾਈਫ ਲਾਂਗ ਰਿਸ਼ਤਾ ਹੈ। ਇਹ ਸਮਾਂ ਰੋਣ ਦਾ ਨਹੀਂ, ਸਾਂਝ ਪਾਉਣ ਦਾ ਹੈ। ਹੜ੍ਹ ਪ੍ਰਭਾਵਤ ਪਰਿਵਾਰਾਂ ਲਈ ਜੋ ਹੋ ਸਕੇ ਕਰਾਂਗੇ।“
ਸਰਕਾਰੀ ਅਤੇ ਸਥਾਨਕ ਸਹਿਯੋਗ ਨਾਲ ਕੰਮ ਜਾਰੀ
ਸਾਂਝ ਫਾਊਂਡੇਸ਼ਨ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਹੋਰ ਸੰਗਠਨਾਂ ਨਾਲ ਰਲ ਕੇ ਲਗਾਤਾਰ ਕੰਮ ਕੀਤਾ ਜਾਵੇਗਾ, ਤਾਂ ਜੋ ਇਹ ਯੋਜਨਾ ਸਿਰਫ ਰਾਹਤ ਨਹੀਂ, ਪੁਨਰਜੀਵਨ ਦੀ ਵਜ੍ਹਾ ਬਣੇ।