ਨਾਭਾ ਦੇ ਪਿੰਡ ਥੂਹੀ ਵਿੱਚ ਆਲੂ ਖਰੀਦ ਮਾਮਲੇ ‘ਚ ਵਿਵਾਦ, ਕਿਸਾਨਾਂ ਵੱਲੋਂ ਪ੍ਰਾਈਵੇਟ ਕੰਪਨੀ ਖ਼ਿਲਾਫ਼ ਧਰਨਾ

Nabha Thui potato agreement dispute; ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠਾਂ ਦੱਬਿਆ ਹੋਇਆ ਹੈ, ਪਰ ਕਈ ਪ੍ਰਾਈਵੇਟ ਕੰਪਨੀਆਂ ਵੱਲੋਂ ਮਨਮਾਨੀ ਕਰਦੇ ਹੋਏ ਕਿਸਾਨਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਥੂਹੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਨੇ ਇੱਕ ਪ੍ਰਾਈਵੇਟ ਕੰਪਨੀ ‘ਤੇ ਆਲੂਆਂ ਦੀ […]
Jaspreet Singh
By : Updated On: 16 Feb 2026 14:25:PM
ਨਾਭਾ ਦੇ ਪਿੰਡ ਥੂਹੀ ਵਿੱਚ ਆਲੂ ਖਰੀਦ ਮਾਮਲੇ ‘ਚ ਵਿਵਾਦ, ਕਿਸਾਨਾਂ ਵੱਲੋਂ ਪ੍ਰਾਈਵੇਟ ਕੰਪਨੀ ਖ਼ਿਲਾਫ਼ ਧਰਨਾ

Nabha Thui potato agreement dispute; ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠਾਂ ਦੱਬਿਆ ਹੋਇਆ ਹੈ, ਪਰ ਕਈ ਪ੍ਰਾਈਵੇਟ ਕੰਪਨੀਆਂ ਵੱਲੋਂ ਮਨਮਾਨੀ ਕਰਦੇ ਹੋਏ ਕਿਸਾਨਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਥੂਹੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਨੇ ਇੱਕ ਪ੍ਰਾਈਵੇਟ ਕੰਪਨੀ ‘ਤੇ ਆਲੂਆਂ ਦੀ ਖਰੀਦ ਸਬੰਧੀ ਧੋਖਾਧੜੀ ਦੇ ਦੋਸ਼ ਲਗਾਏ ਹਨ।

ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਕੰਪਨੀ ਨਾਲ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਖਰੀਦਣ ਦਾ ਐਗਰੀਮੈਂਟ ਕੀਤਾ ਗਿਆ ਸੀ। ਸ਼ੁਰੂ ਵਿੱਚ ਕੁਝ ਮਾਲ ਦੀ ਖਰੀਦ ਵੀ ਕੀਤੀ ਗਈ, ਪਰ ਜਦੋਂ ਬਾਕੀ ਆਲੂ ਕੰਪਨੀ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕੁਆਲਟੀ ਨੂੰ ਘਟੀਆ ਦੱਸਦਿਆਂ ਖਰੀਦਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ, ਆਵਾਜਾਈ ਲਈ ਵਰਤੇ ਗਏ ਵਾਹਨਾਂ ਦਾ ਕਿਰਾਇਆ ਵੀ ਕਿਸਾਨਾਂ ਤੋਂ ਮੰਗਿਆ ਗਿਆ।

ਬਾਅਦ ਵਿੱਚ ਕੰਪਨੀ ਨੇ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਖਰੀਦਣ ਦੀ ਪੇਸ਼ਕਸ਼ ਕੀਤੀ, ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਨਾਭਾ-ਪਟਿਆਲਾ ਰੋਡ ‘ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਕੋਲੋਂ ਕੰਪਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਪੀੜਤ ਕਿਸਾਨ ਨਿਰਭੈ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਹਿਲਾਂ ਕੰਪਨੀ ਨੇ ਸਰਵੇ ਕਰਕੇ ਆਲੂਆਂ ਦੀ ਕੁਆਲਟੀ ਮਨਜ਼ੂਰ ਕੀਤੀ ਸੀ, ਪਰ ਮਾਲ ਭੇਜਣ ਤੋਂ ਬਾਅਦ ਉਸੇ ਮਾਲ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਉਹੀ ਆਲੂ 10 ਰੁਪਏ ਦੀ ਬਜਾਏ 5 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ ਖਰੀਦੇ ਜਾ ਰਹੇ ਹਨ, ਜੋ ਸਿੱਧੀ ਲੁੱਟ ਹੈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਵੀ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਕਿ ਕੰਪਨੀ ਵੱਲੋਂ ਸਰਵੇ ਤੋਂ ਬਾਅਦ ਮਾਲ ਪਾਸ ਕੀਤਾ ਗਿਆ ਸੀ, ਪਰ ਬਾਅਦ ਵਿੱਚ ਮਨਮਾਨੀ ਕਰਕੇ ਰੇਟ ਘਟਾ ਦਿੱਤੇ ਗਏ। ਉਨ੍ਹਾਂ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਨਿਆਂ ਦੇਣ ਦੀ ਮੰਗ ਕੀਤੀ।

ਦੂਜੇ ਪਾਸੇ, ਕਿਸਾਨਾਂ ਅਤੇ ਕੰਪਨੀ ਵਿਚਕਾਰ ਐਗਰੀਮੈਂਟ ਕਰਵਾਉਣ ਵਾਲੇ ਕਰਤਾਰ ਸਿੰਘ ਨੇ ਕਿਹਾ ਕਿ ਕੁਝ ਮਾਲ ਖਰਾਬ ਸੀ, ਜਿਸ ਕਰਕੇ ਕੰਪਨੀ ਵੱਲੋਂ ਦਾਗ਼ੀ ਆਲੂਆਂ ਦੇ ਭਾਅ ‘ਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਅਤੇ ਜਲਦੀ ਬੈਠਕ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad