Jagraon News: ਅਮਨਦੀਪ ਸਿੰਘ ਇੱਕ ਮੈਰਿਜ ਪੈਲੇਸ ਵਿੱਚ ਅੱਜ ਪਹਿਲੇ ਦਿਨ ਬਾਊਂਸਰ ਦੀ ਡਿਊਟੀ ਕਰਨ ਜਾ ਰਿਹਾ ਸੀ।
Attack on Bouncer: ਜਗਰਾਓਂ ਦੀ ਪੰਜ ਨੰਬਰ ਚੂੰਗੀ ‘ਤੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦਈਏ ਕਿ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਇੱਕ ਬਾਊਂਸਰ ਦੀ ਗੱਡੀ ਨੂੰ ਰੋਕਿਆ ਅਤੇ ਉਸਦੀ ਗੱਡੀ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਾਊਂਸਰ ਨੇ ਮੌਕੇ ‘ਤੇ ਗੱਡੀ ਛੱਡ ਦਿੱਤੀ ਅਤੇ ਭੱਜ ਕੇ ਆਪਣੀ ਜਾਨ ਬਚਾਈ।
ਇਸ ਮਗਰੋਂ ਵੀ ਹਮਲਾਵਰਾਂ ਨੇ ਗੱਡੀ ਨੂੰ ਚਾਰੇ ਪਾਸਿਓਂ ਬੂਰੀ ਤਰ੍ਹਾਂ ਭੰਨ ਦਿੱਤਾ। ਗੱਡੀ ਭੰਨਤੋੜ ਕਰਕੇ ਨੌਜਵਾਨ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਪਹੁੰਚ ਕੇ ਬਣਦੀ ਕਰਵਾਈ ਦੀ ਗੱਲ ਕਹੀ।
ਇਸ ਮੌਕੇ ਗੱਲ ਕਰਦਿਆਂ ਬਾਊਂਸਰ ਅਮਨਦੀਪ ਸਿੰਘ ਅਤੇ ਉਸਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਅਖਾੜਾ ਦੇ ਰਹਿਣ ਵਾਲੇ ਹਨ। ਅਮਨਦੀਪ ਸਿੰਘ ਇੱਕ ਮੈਰਿਜ ਪੈਲੇਸ ਵਿੱਚ ਅੱਜ ਪਹਿਲੇ ਦਿਨ ਬਾਊਂਸਰ ਦੀ ਡਿਊਟੀ ਕਰਨ ਜਾ ਰਿਹਾ ਸੀ। ਇਸ ਦੌਰਾਨ ਜਗਰਾਓਂ ਦੀ ਪੰਜ ਨੰਬਰ ਚੂੰਗੀ ਚੌਂਕ ਕੋਲ ਪਹੁੰਚਦਿਆਂ ਹੀ ਅੱਧੀ ਦਰਜਨ ਨੌਜਵਾਨਾਂ ਨੇ ਉਸਦੀ ਗੱਡੀ ਨੂੰ ਰੋਕ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਤੇ ਉਸਨੂੰ ਵੀ ਮਾਰਨਾ ਚਾਹਿਆ।
ਉਨ੍ਹਾਂ ਅੱਗੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਹ ਮੌਕੇ ‘ਤੇ ਗੱਡੀ ਛੱਡ ਕੇ ਭੱਜ ਗਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਗੱਡੀ ਦੀ ਚਾਰੇ ਪਾਸਿਓ ਭੰਨਤੋੜ ਕਰ ਦਿੱਤੀ। ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਤੋਂ ਬਣਦੀ ਕਰਵਾਈ ਦੀ ਮੰਗ ਕੀਤੀ।
ਇਸ ਮੌਕੇ ਥਾਣਾ ਸਿਟੀ ਤੋਂ ਪਹੁੰਚੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਪੂਰੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਹੁਣ ਬਾਊਂਸਰ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਹਮਲਾਵਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।