ਅੰਮ੍ਰਿਤਸਰ ‘ਚ ਡਰੋਨ ਡਰਾਪਿੰਗ ਗਿਰੋਹ ਬੇਨਕਾਬ,ਕਈ ਨੌਜਵਾਨ ਕੀਤੇ ਕਾਬੂ
Punjab Police Drug Action; ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਅਤੇ ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਆਪਰੇਸ਼ਨ ਆਪਰੇਸ਼ਨ ਪ੍ਰਹਾਰ-2 ਦੇ ਦੂਜੇ ਦਿਨ ਪੁਲਿਸ ਨੇ ਸਰਹੱਦੀ ਇਲਾਕੇ ਵਿੱਚ ਵੱਡੀ ਕਾਰਵਾਈ ਕਰਦਿਆਂ ਡਰੋਨ ਰਾਹੀਂ ਹੋ ਰਹੀ ਗੈਰਕਾਨੂੰਨੀ ਸਰਗਰਮੀ ਨਾਲ ਜੁੜੇ ਮੁਲਜ਼ਮਾਂ ਨੂੰ ਵਾਕ-ਲੈਵਲ ’ਤੇ ਕਾਬੂ ਕੀਤਾ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਕਿਸਤਾਨ-ਭਾਰਤ ਸਰਹੱਦ ਨੇੜੇ ਅੰਮ੍ਰਿਤਸਰ ਰੋਡ ਉੱਤੇ ਸਥਿਤ ਪਿੰਡ ਦੇ ਇਲਾਕੇ ਵਿੱਚ ਡਰੋਨ ਰਾਹੀਂ ਡਰਾਪਿੰਗ ਕਰਵਾਈ ਜਾ ਰਹੀ ਸੀ। ਇਸ ਸਾਰੇ ਨੈਟਵਰਕ ਦੀ ਬੁਨਿਆਦੀ ਕੜੀ ਸਤਨਾਮ ਭਿੰਡੀ ਦੇ ਬਿਆਨਾਂ ਤੋਂ ਸਾਹਮਣੇ ਆਈ, ਜਿਸ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਬੈਠਾ ‘ਢਿੱਲੋਂ’ ਨਾਂ ਦਾ ਹੈਂਡਲਰ ਸਿਗਨਲ ਐਪ ਰਾਹੀਂ ਡਾਇਰੈਕਸ਼ਨ ਦਿੰਦਾ ਸੀ। ਉਹ ਡਰੋਨ ਡਰਾਪਿੰਗ, ਕੱਪੜਿਆਂ, ਥਾਂ ਅਤੇ ਚਿਹਰੇ ਦੇ ਵੇਰਵਿਆਂ ਤੱਕ ਸਪਸ਼ਟ ਹੁਕਮ ਦੇ ਕੇ ਨੌਜਵਾਨਾਂ ਨੂੰ ਇਕ-ਦੂਜੇ ਤੋਂ ਅਣਜਾਣ ਰੱਖਦਾ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਲਾਲਚ ਦੇ ਕੇ ਫਸਾਇਆ, ਜਿਨ੍ਹਾਂ ਵਿੱਚ 18–20 ਸਾਲ ਦੇ ਵਿਦਿਆਰਥੀ ਅਤੇ ਮਜ਼ਦੂਰ ਸ਼ਾਮਲ ਹਨ। ਚਿਰਾਗ, ਰਿਸ਼ਵ, ਦੀਪ ਸਿੰਘ ਵਰਗੇ ਨੌਜਵਾਨ, ਜਿਨ੍ਹਾਂ ਵਿੱਚੋਂ ਕੁਝ ਪੜ੍ਹਾਈ ਕਰ ਰਹੇ ਸਨ ਅਤੇ ਕੁਝ ਰਿਕਸ਼ਾ ਚਲਾਉਣ ਜਾਂ ਢਾਬਿਆਂ ’ਤੇ ਕੰਮ ਕਰਦੇ ਸਨ, ਇਸ ਗੈਰਕਾਨੂੰਨੀ ਧੰਦੇ ਵਿੱਚ ਧੱਕੇ ਗਏ।
ਇਹ ਪੂਰਾ ਆਪਰੇਸ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ, ਏਡੀਸੀਪੀ ਵਿਸ਼ਾਲ, ਏਸੀਪੀ ਸੈਂਟਰਲ ਜਸਪਾਲ, ਐਸਐਚਓ ਗੇਟ ਹਾਕੀਮਾ ਇੰਸਪੈਕਟਰ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਪੁਲਿਸ ਨੇ ਵੱਡਾ ਅਪਰਾਧੀ ਨੈਟਵਰਕ ਡਿਸਮੈਂਟਲ ਕਰਦਿਆਂ ਕਿਹਾ ਕਿ ਅੱਗੇ ਹੋਰ ਗ੍ਰਿਫ਼ਤਾਰੀਆਂ ਅਤੇ ਫ਼ਾਇਨੈਂਸ਼ਲ ਜਾਂਚਾਂ (ਹਵਾਲਾ ਲਿੰਕਸ) ਜਾਰੀ ਹਨ।
ਪੁਲਿਸ ਨੇ ਨੌਜਵਾਨਾਂ ਲਈ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਛੋਟੇ ਲਾਲਚਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ। ਬਾਹਰ ਬੈਠੇ ਹੈਂਡਲਰ ਸਿਰਫ਼ ਪੈਸੇ ਲਈ ਨੌਜਵਾਨਾਂ ਨੂੰ ਵਰਤ ਕੇ ਛੱਡ ਦਿੰਦੇ ਹਨ, ਜਦਕਿ ਅੰਜਾਮ ਜੇਲ੍ਹ ਅਤੇ ਤਬਾਹ ਹੋਇਆ ਭਵਿੱਖ ਹੁੰਦਾ ਹੈ। ਸਮਾਜ ਅਤੇ ਪਰਿਵਾਰਾਂ ਨੂੰ ਇਕੱਠੇ ਹੋ ਕੇ ਨੌਜਵਾਨਾਂ ’ਤੇ ਨਿਗਰਾਨੀ ਰੱਖਣੀ ਹੋਵੇਗੀ।