Punjab Flood Situation; ਹੜ੍ਹ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਮੋਟੀ ਪਰਤ ਦੇ ਰੂਪ ਵਿੱਚ ਰੇਤ ਜੰਮ ਗਈ ਹੈ। ਇਸ ਨਾਲ ਮੌਜੂਦਾ ਫ਼ਸਲ ਤਾਂ ਖਰਾਬ ਹੋ ਹੀ ਗਈ ਹੈ, ਨਾਲ ਹੀ ਆਉਣ ਵਾਲੇ ਸੀਜ਼ਨ ਦੀ ਖੇਤੀ ‘ਤੇ ਵੀ ਸੰਕਟ ਖੜਾ ਹੋ ਗਿਆ ਹੈ।
26 ਅਗਸਤ ਦੀ ਰਾਤ ਨੂੰ ਪੰਜਾਬ ਦੇ ਵਿੱਚ ਆਏ ਹੜ੍ਹ ਦੇ ਕਾਰਨ ਜਿੱਥੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਕਿਸਾਨਾਂ ਨੂੰ ਵੀ ਇਸ ਦੀ ਮਾਰ ਚਲਣੀ ਪਈ ਹੈ। ਕਿਸੇ ਦੀ ਫ਼ਸਲ ਖਰਾਬ ਹੋ ਗਈ ਹੈ ਤੇ ਕਿਸੇ ਦੇ ਖੇਤਾਂ ਵਿੱਚ ਪੰਜ ਤੋਂ ਛੇ ਫੁੱਟ ਰੇਤ ਦੇ ਟਿੱਬੇ ਬਣ ਗਏ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਡੇਰਾ ਬਾਬਾ ਨਾਨਕ ਨਾਲ ਲੱਗਦੀ ਸਰਹੱਦ ਦੇ ਬਣੀ ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਦਰਜਨਾਂ ਪਿੰਡਾਂ ਦੇ ਵਿੱਚ ਰੇਟ ਦੇ ਟਿੱਬੇ ਬਣ ਗਏ ਹਨ।
ਡੇਲੀ ਪੋਸਟ ਦੀ ਟੀਮ ਨੇ ਅੱਜ ਗਰਾਊਂਡ ਜ਼ੀਰੋ ਤੇ ਜਾ ਕੇ ਪਿੰਡ ਖਾਸਾ ਵਾਲਾ ਤੇ ਪਿੰਡ ਠੇਠਰ ਕੇ ਦੇ ਕਿਸਾਨਾਂ ਦੇ ਖੇਤਾਂ ਦੇ ਜਾਇਜਾ ਲਿਆ ਅਤੇ ਦੇਖਿਆ ਕਿ ਸੈਂਕੜੇ ਏਕੜ ਜਮੀਨ ਦੇ ਵਿੱਚ ਜਿੱਥੇ ਕਿ ਝੋਨੇ ਦੀ ਫਸਲ ਬਿਜੀ ਹੋਈ ਸੀ ਉਸ ਵਿੱਚ ਹੜਾਂ ਤੋਂ ਬਾਅਦ ਹੁਣ ਰੇਤ ਹੀ ਰੇਤ ਨਜ਼ਰ ਆਉਂਦੀ ਹੈ। ਇਸ ਮੌਕੇ ਗਰਾਊਂਡ ਜ਼ੀਰੋ ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਇਸ ਦਾ ਕੋਈ ਹੱਲ ਕਰੇ ਅਤੇ ਸਾਨੂੰ ਸਾਡੇ ਕਰਜੇ ਮਾਫ ਕੀਤੇ ਜਾਣ ਅਤੇ ਸਾਨੂੰ ਮਸ਼ੀਨਰੀ ਦਿੱਤੀ ਜਾਵੇ, ਜਿਸ ਨਾਲ ਅਸੀਂ ਇਸ ਰੇਤ ਨੂੰ ਕੱਢ ਸਕੀਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਨੇ ‘ਜਿਸ ਦਾ ਖੇਤ ਉਸ ਦੀ ਰੇਤ’ ਦੀ ਯੋਜਨਾ ਬਣਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਯੋਜਨਾ ਠੀਕ ਹੈ। ਪਰ ਇੰਨੀ ਰੇਤ ਨੂੰ ਕੱਢਣ ਵਾਸਤੇ ਬਹੁਤ ਸਾਰੀ ਮਸ਼ੀਨਰੀ ਦੀ ਲੋੜ ਪਏਗੀ ਜਾਂ ਤਾਂ ਸਰਕਾਰ ਸਾਨੂੰ ਸਬਸਿਡੀ ਦੇ ਉੱਤੇ ਮਸ਼ੀਨਰੀ ਦੇਵੇ ਤਾਂ ਹੀ ਇਸ ਰੇਤ ਨੂੰ ਕੱਢਿਆ ਜਾ ਸਕਦਾ ਹੈ।