ਸੁਖਪਾਲ ਖਹਿਰਾ ‘ਤੇ ED ਦੀ ਕਾਰਵਾਈ, ਚੰਡੀਗੜ੍ਹ ਦੀ ਕੋਠੀ ਨੂੰ ਕੀਤਾ ਅਟੈਚ, ਜਾਣੋ ਪੂਰਾ ਮਾਮਲਾ
Sukhpal Singh Khaira: ਈਡੀ ਨੇ ਖਹਿਰਾ ਦੀ ਅਚੱਲ ਜਾਇਦਾਦ ਯਾਨੀ ਉਨ੍ਹਾਂ ਦਾ ਚੰਡੀਗੜ੍ਹ ਸਥਿਤ ਘਰ ਕੁਰਕ ਕਰ ਲਿਆ ਹੈ।
ED action on Sukhpal Khaira: ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਖਹਿਰਾ ਦੀ ਅਚੱਲ ਜਾਇਦਾਦ ਯਾਨੀ ਉਨ੍ਹਾਂ ਦਾ ਚੰਡੀਗੜ੍ਹ ਸਥਿਤ ਘਰ ਕੁਰਕ ਕਰ ਲਿਆ ਹੈ। ਉਨ੍ਹਾਂ ਦਾ ਘਰ ਸੈਕਟਰ-5, ਚੰਡੀਗੜ੍ਹ ਵਿੱਚ ਸਥਿਤ ਹੈ। ਜਿਸ ਦੀ ਕੀਮਤ 3.82 ਕਰੋੜ ਰੁਪਏ ਹੈ।
ਈਡੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। 08.03.2025 ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੀਆਂ ਧਾਰਾਵਾਂ ਦੇ ਤਹਿਤ ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਤਰ੍ਹਾਂ ਸ਼ੁਰੂ ਹੋਈ ਮਾਮਲੇ ਦੀ ਜਾਂਚ
ਈਡੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਕੀਤੀ ਤਲਾਸ਼ੀ ਅਤੇ ਜਾਂਚ ਦੌਰਾਨ ਕੁੱਲ 1800 ਗ੍ਰਾਮ ਹੈਰੋਇਨ, ਇੱਕ .315 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ, 2 ਪਾਕਿਸਤਾਨੀ ਸਿਮ, ਇੱਕ 32 ਬੋਰ ਰਿਵਾਲਵਰ ਸਮੇਤ 24 ਜਿੰਦਾ ਕਾਰਤੂਸ ਅਤੇ ਇੱਕ ਖਾਲੀ ਕਾਰਤੂਸ, 24 ਸੋਨੇ ਦੇ ਬਿਸਕੁਟ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਇਸ ਚੋਂ ਗੁਰਦੇਵ ਸਿੰਘ (ਦੋਸ਼ੀ) ਕੋਲੋਂ 350 ਗ੍ਰਾਮ ਹੈਰੋਇਨ, ਇੱਕ ਪਾਕਿਸਤਾਨੀ ਸਿਮ, ਇੱਕ 32 ਬੋਰ ਅੰਗਰੇਜ਼ੀ ਦਾ ਵੈਬਲੇ ਸਕਾਟ ਰਿਵਾਲਵਰ, 24 ਜਿੰਦਾ ਕਾਰਤੂਸ, ਇੱਕ ਖਾਲੀ ਕਾਰਤੂਸ ਅਤੇ 24 ਸੋਨੇ ਦੇ ਬਿਸਕੁਟ ਕੁੱਲ ਵਜ਼ਨ 333 ਗ੍ਰਾਮ ਬਰਾਮਦ ਕੀਤੇ ਗਏ।
ਫਾਜ਼ਿਲਕਾ ਦੀ ਐਲਡੀ ਸਪੈਸ਼ਲ ਕੋਰਟ ਨੇ 31.10.2017 ਦੇ ਆਪਣੇ ਹੁਕਮਾਂ ਵਿੱਚ ਗੁਰਦੇਵ ਸਿੰਘ ਅਤੇ ਅੱਠ ਹੋਰਾਂ ਨੂੰ ਐਨਡੀਪੀਐਸ ਐਕਟ, 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ।
ਸੁਖਪਾਲ ਖਹਿਰਾ ਦੀ ਇਸ ਭੂਮਿਕਾ ਦਾ ਈਡੀ ਨੇ ਕੀਤਾ ਖੁਲਾਸਾ
ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੁਆਰਾ ਗੁਰਦੇਵ ਸਿੰਘ ਅਤੇ ਉਸਦੇ ਵਿਦੇਸ਼ੀ ਸਾਥੀਆਂ ਤੋਂ ਪ੍ਰਾਪਤ 3.82 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦੀ ਵਰਤੋਂ ਕੀਤੀ।
ਸੁਖਪਾਲ ਸਿੰਘ ਖਹਿਰਾ ਨੇ ਇਸ ਪੈਸੇ ਦੇ ਬਦਲੇ ਨਸ਼ਾ ਤਸਕਰੀ ਵਿੱਚ ਸੁਰੱਖਿਆ/ਪਾਸਪੋਰਟ ਸੇਵਾਵਾਂ ਪ੍ਰਦਾਨ ਕੀਤੀਆਂ ਸੀ। ਇਸ ਦੇ ਬਦਲੇ ਗੁਰਦੇਵ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਨੂੰ 3.82 ਕਰੋੜ ਰੁਪਏ ਦੀ ਰਕਮ ਦਿੱਤੀ ਸੀ ਅਤੇ ਇਸ ਨਜਾਇਜ਼ ਪੈਸੇ ਦੀ ਵਰਤੋਂ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਕੀਤੀ ਗਈ ਸੀ।