ਸਿੱਖਿਆ ਮੰਤਰੀ Harjot Singh Bains ਵੱਲੋਂ ਮਾਛੀਵਾੜਾ ਸਕੂਲਾਂ ਦੀ ਅਚਾਨਕ ਚੈਕਿੰਗ
Harjot Singh Bains inspection; ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮਾਛੀਵਾੜਾ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਮੌਕੇ ਮੰਤਰੀ ਨੇ ਕਿਹਾ ਕਿ ਮਾਛੀਵਾੜਾ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਮੀਡੀਆ ਵੱਲੋਂ ਵੀ ਇਸ ਮਾਮਲੇ ਨੂੰ ਉਭਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਈ ਮਾਪਿਆਂ ਵੱਲੋਂ ਵੀ ਸਕੂਲਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਕਰਕੇ ਅੱਜ ਉਹ ਖੁਦ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸਕੂਲਾਂ ਵਿੱਚ ਪਹੁੰਚੇ।
ਮੰਤਰੀ ਬੈਂਸ ਨੇ ਕਿਹਾ ਕਿ ਕਈ ਸਕੂਲਾਂ ਵਿੱਚ ਇਨਫਰਾਸਟਰਕਚਰ ਪੱਖੋਂ ਚੰਗਾ ਕੰਮ ਹੋਇਆ ਹੈ, ਪਰ ਕੁਝ ਹੋਰ ਸੁਧਾਰਾਂ ਦੀ ਲੋੜ ਹੈ, ਜਿਨ੍ਹਾਂ ਨੂੰ ਨੋਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਵੀ ਸਾਹਮਣੇ ਆਈ ਹੈ। ਬੇਟ ਇਲਾਕਾ ਹੋਣ ਕਾਰਨ ਅਧਿਆਪਕ ਇੱਥੇ ਟਿਕਦੇ ਨਹੀਂ ਅਤੇ ਟ੍ਰਾਂਸਫਰ ਕਰਵਾ ਲੈਂਦੇ ਹਨ, ਪਰ ਇਸ ਸਮੱਸਿਆ ਦਾ ਹੱਲ ਵੀ ਜਲਦ ਕੀਤਾ ਜਾਵੇਗਾ। ਉਨ੍ਹਾਂ ਮਾਛੀਵਾੜਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਕੂਲਾਂ ਵਿੱਚ ਗੁਣਾਤਮਕ ਸੁਧਾਰ ਜਲਦੀ ਨਜ਼ਰ ਆਉਣਗੇ।
ਚੈਕਿੰਗ ਦੌਰਾਨ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੱਕ ਪ੍ਰਾਇਮਰੀ ਸਕੂਲ ਦੇ ਕਈ ਬੱਚੇ ਪੜ੍ਹ ਨਹੀਂ ਪਾ ਰਹੇ। ਮੰਤਰੀ ਨੇ ਕਿਹਾ ਕਿ ਉੱਥੇ ਤਿੰਨ ਅਧਿਆਪਕਾਂ ਦੇ ਨਾਲ ਇੱਕ ਪੀ.ਟੀ.ਆਈ. ਟੀਚਰ ਵੀ ਮੌਜੂਦ ਸੀ, ਫਿਰ ਵੀ ਬੱਚਿਆਂ ਦੀ ਪੜ੍ਹਾਈ ਦਾ ਦਰਜਾ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹਰ ਵਿਸ਼ੇ ਦੇ ਅਧਿਆਪਕ ਮੌਜੂਦ ਹਨ, ਫਿਰ ਵੀ ਜੇ ਬੱਚੇ ਪੜ੍ਹ ਨਹੀਂ ਰਹੇ ਤਾਂ ਜਵਾਬਦੇਹੀ ਤੈਅ ਹੋਵੇਗੀ।
ਇੱਥੇ ਹਾਲਾਤ ਚਿੰਤਾਜਨਕ ਮਿਲੇ ਅਤੇ 27 ਬੱਚਿਆਂ ਵਿੱਚੋਂ 18 ਬੱਚੇ ਪੜ੍ਹ ਨਹੀਂ ਸਕਦੇ ਸਨ। ਇਸ ਮਾਮਲੇ ਵਿੱਚ ਸੰਬੰਧਿਤ ਅਧਿਆਪਕਾਂ ਅਤੇ ਇੰਸਪੈਕਸ਼ਨ ਟੀਮਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਮੰਤਰੀ ਬੈਂਸ ਨੇ ਹੋਰ ਦੱਸਿਆ ਕਿ ਇੱਕ ਸਕੂਲ ਵਿੱਚ ਕਰੀਬ 900 ਬੱਚਿਆਂ ਲਈ 26 ਅਧਿਆਪਕ ਮੌਜੂਦ ਹਨ ਅਤੇ ਸਿਰਫ ਲੈਕਚਰਾਰ ਕੈਡਰ ਦੀ ਘਾਟ ਹੈ। ਇਸ ਸਮੱਸਿਆ ਦਾ ਤੁਰੰਤ ਹੱਲ ਕਰਦੇ ਹੋਏ ਸਕੂਲ ਵਿੱਚ ਇੰਟਰੈਕਟਿਵ ਪੈਨਲ ਲਗਾਏ ਜਾਣਗੇ ਅਤੇ 7 ਤੋਂ 10 ਦਿਨਾਂ ਵਿੱਚ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਸ ਸਮੇਂ ਸੁਪਰੀਮ ਕੋਰਟ ਵੱਲੋਂ 4,500 ਪ੍ਰਮੋਸ਼ਨਾਂ ‘ਤੇ ਰੋਕ ਲੱਗੀ ਹੋਈ ਹੈ, ਜਿਸ ਦਾ ਹੱਲ ਵੀ ਸਰਕਾਰ ਕਰ ਰਹੀ ਹੈ। ਨਾਲ ਹੀ ਨਵੀਂ ਭਰਤੀ ਵੀ ਜਲਦ ਆ ਰਹੀ ਹੈ ਅਤੇ ਭਰਤੀ ਦੀ ਸ਼ਰਤ ਹੋਵੇਗੀ ਕਿ ਨਵੇਂ ਅਧਿਆਪਕ ਰੂਰਲ ਅਤੇ ਦੂਰ-ਦਰਾਜ਼ ਸਕੂਲਾਂ ਵਿੱਚ ਹੀ ਸੇਵਾ ਨਿਭਾਉਣਗੇ।
ਅੰਤ ਵਿੱਚ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਅਤੇ ਮਾਛੀਵਾੜਾ ਸਮੇਤ ਪਿੰਡਾਂ ਦੇ ਸਕੂਲਾਂ ਵਿੱਚ ਜਲਦੀ ਵੱਡੇ ਸੁਧਾਰ ਕੀਤੇ ਜਾਣਗੇ।