Bar Council of Punjab and Haryana ਦੀਆਂ ਚੋਣਾਂ ਮਾਰਚ ਵਿੱਚ, ਮੈਦਾਨ ‘ਚ ਹੋਣਗੇ 157 ਉਮੀਦਵਾਰ, 8 ਸਾਲ ਬਾਅਦ ਹੋਵੇਗਾ ਮਤਦਾਨ
Bar Council of Punjab and Haryana elections 2026; Bar Council of Punjab and Haryana ਦੀ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਚੋਣਾਂ ਇਸ ਸਾਲ ਮਾਰਚ ਮਹੀਨੇ ਵਿੱਚ ਹੋਣਗੀਆਂ। 17 ਮਾਰਚ ਨੂੰ ਚੰਡੀਗੜ੍ਹ ਵਿੱਚ ਅਤੇ 18 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਵੋਟਿੰਗ ਕਰਵਾਈ ਜਾਵੇਗੀ। ਕੌਂਸਲ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਸੂਚੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਚੋਣ ਨਿਯਮ 1968 ਦੇ ਨਿਯਮ 12(ਕ) ਅਧੀਨ ਜਾਰੀ ਕੀਤੀ ਗਈ ਹੈ।
ਇਹ ਚੋਣਾਂ ਹਰ ਪੰਜ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ, ਪਰ ਇਸ ਵਾਰ ਅੱਠ ਸਾਲ ਬਾਅਦ ਚੋਣਾਂ ਹੋ ਰਹੀਆਂ ਹਨ ਕਿਉਂਕਿ 2023 ਵਿੱਚ ਕੁਝ ਕਾਰਨਾਂ ਕਰਕੇ ਚੋਣਾਂ ਨਹੀਂ ਹੋ ਸਕੀਆਂ ਸਨ।
157 ਉਮੀਦਵਾਰਾਂ ਦੀ ਸੂਚੀ ਜਾਰੀ
ਜਾਰੀ ਕੀਤੀ ਗਈ ਫਾਈਨਲ ਸੂਚੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ 129 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਦੀ ਐਨਰੋਲਮੈਂਟ ਤਾਰੀਖ 1968 ਤੋਂ 2015 ਤੱਕ ਦੀ ਹੈ। ਇਨ੍ਹਾਂ ਵਿੱਚ ਕਈ ਸੀਨੀਅਰ ਵਕੀਲ ਸ਼ਾਮਲ ਹਨ, ਜਿਵੇਂ ਅਮਰੀਕ ਸਿੰਘ ਕਾਲਰਾ, ਸੁਖਦੀਪ ਸਿੰਘ ਭਿੰਡਰ (ਬਠਿੰਡਾ), ਨਰਿੰਦਰ ਸਿੰਘ (ਜਲੰਧਰ) ਅਤੇ ਰਾਕੇਸ਼ ਗੁਪਤਾ (ਪਟਿਆਲਾ)। ਇਸ ਸੂਚੀ ਵਿੱਚ ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।
ਦੂਜੀ ਸ਼੍ਰੇਣੀ ਵਿੱਚ 10 ਸਾਲ ਤੋਂ ਘੱਟ ਪ੍ਰੈਕਟਿਸ ਵਾਲੇ 28 ਉਮੀਦਵਾਰ ਹਨ, ਜਿਨ੍ਹਾਂ ਦੀ ਐਨਰੋਲਮੈਂਟ 2016 ਤੋਂ 2025 ਤੱਕ ਦੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਵਕੀਲ ਹਨ, ਜਿਵੇਂ ਦੀਪਿਕਾ ਖੰਨਾ, ਰਣਜੀਤ ਸਿੰਘ ਅਤੇ ਜੋਤਸਨਾ। ਕੁੱਲ 25 ਮੈਂਬਰ ਚੁਣੇ ਜਾਣੇ ਹਨ।
ਵੋਟਿੰਗ ਲਈ ਨਿਯਮ
ਬਾਰ ਕੌਂਸਲ ਚੋਣਾਂ ਵਿੱਚ 25 ਮੈਂਬਰ ਚੁਣੇ ਜਾਂਦੇ ਹਨ ਅਤੇ ਵੋਟਿੰਗ ਸਿੰਗਲ ਟ੍ਰਾਂਸਫਰੇਬਲ ਪ੍ਰੈਫਰੈਂਸ ਵੋਟ ਪ੍ਰਣਾਲੀ ਅਧੀਨ ਹੁੰਦੀ ਹੈ। ਮਤਦਾਤਾ ਨੂੰ ਵੋਟਿੰਗ ਪੇਪਰ ‘ਤੇ ਆਪਣੀ ਪਹਿਲੀ ਪਸੰਦ ਦੇ ਉਮੀਦਵਾਰ ਦੇ ਸਾਹਮਣੇ ‘1’ ਲਿਖਣਾ ਲਾਜ਼ਮੀ ਹੈ। ਇਸ ਤੋਂ ਬਾਅਦ ‘2’, ‘3’, ‘4’ ਆਦਿ ਅੰਕਾਂ ਨਾਲ ਹੋਰ ਪਸੰਦ ਦਰਜ ਕਰ ਸਕਦੇ ਹਨ।
ਅੰਕ (1, 2, 3), ਰੋਮਨ ਅੰਕ (I, II, III) ਜਾਂ ਅੰਗਰੇਜ਼ੀ ਸ਼ਬਦ (ONE, TWO, THREE) ਵਿੱਚ ਲਿਖੇ ਜਾ ਸਕਦੇ ਹਨ, ਪਰ ਇਰਾਦਾ ਸਪਸ਼ਟ ਹੋਣਾ ਚਾਹੀਦਾ ਹੈ। ਜੇ ‘1’ ਨਾ ਲਗਾਇਆ ਗਿਆ ਹੋਵੇ, ਇੱਕ ਤੋਂ ਵੱਧ ਉਮੀਦਵਾਰਾਂ ਅੱਗੇ ‘1’ ਲਗਾਇਆ ਹੋਵੇ, ਜਾਂ ਕੋਈ ਐਸਾ ਨਿਸ਼ਾਨ ਹੋਵੇ ਜਿਸ ਨਾਲ ਮਤਦਾਤਾ ਦੀ ਪਹਿਚਾਣ ਹੋ ਸਕੇ, ਤਾਂ ਵੋਟ ਅਵੈਧ ਮੰਨੀ ਜਾਵੇਗੀ।
ਮਤਦਾਤਾ ਵੋਟਿੰਗ ਪੇਪਰ ‘ਤੇ ਦਸਤਖ਼ਤ ਜਾਂ ਕੋਈ ਪਹਿਚਾਣ ਚਿੰਨ੍ਹ ਨਹੀਂ ਲਗਾ ਸਕਦੇ। ਵੋਟ ਪਾਉਣ ਤੋਂ ਬਾਅਦ ਪੇਪਰ ਨੂੰ ਬੈਲਟ ਬਾਕਸ ਵਿੱਚ ਪਾਉਣਾ ਲਾਜ਼ਮੀ ਹੈ। ਪਛਾਣ ਲਈ ਬਾਰ ਕੌਂਸਲ ਦੀ ਅਸਲੀ ਆਈਡੀ ਕਾਰਡ, ਐਨਰੋਲਮੈਂਟ ਸਰਟੀਫਿਕੇਟ (ਫੋਟੋ ਵਾਲਾ), ਵੋਟਰ ਆਈਡੀ, ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਲਾਜ਼ਮੀ ਹੈ। ਫੋਟੋਕਾਪੀ ਮਨਜ਼ੂਰ ਨਹੀਂ ਹੋਵੇਗੀ।