Faridkot police and gangsters Encounter; ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਪੁਲਿਸ ਅਤੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਵਿਚਕਾਰ ਮੁਠਭੇੜ ਹੋਈ, ਜਿਸ ਵਿੱਚ ਲੱਕੀ ਪਟਿਆਲ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਜਖਮੀਂ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਮੁਕਾਬਲੇ ਵਿਚ ਜਖਮੀ ਹੋਇਆ ਗੈਂਗਸਟਰ ਪਿੰਡ ਬਾਹਮਣ ਵਾਲਾ ‘ਚ ਹੋਏ ਇੱਕ ਕਤਲ ਮਾਮਲੇ ਵਿਚ ਮੁਖ ਸ਼ੂਟਰ ਦਸਿਆ ਜਾ ਰਿਹਾ ਹੈ ਜਿਸ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਫਰੀਦਕੋਟ ਪੁਲਿਸ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਉਣ ਲਈ ਬੀੜ ਸਿਖਾਂ ਵਾਲਾ ਲੈ ਕੇ ਗਈ ਸੀ, ਜਿੱਥੇ ਉਕਤ ਸ਼ੂਟਰ ਨੇ ਮੋਟਰਸਾਈਕਲ ਵਿਚ ਛੁਪਾ ਕੇ ਰੱਖੇ ਪਿਸਟਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆ SSP ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਜਿਲ੍ਹੇ ਦੇ ਪਿੰਡ ਬਾਹਮਣ ਵਾਲਾ ਵਿਚ 3 ਮੋਟਰਸਾਈਕਲ ਸਵਾਰ ਲੋਕਾਂ ਵਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਵਿਚੋਂ ਮੁੱਖ ਸ਼ੂਟਰ ਚਿੰਕੀ ਨੂੰ ਪੁਲਿਸ ਨੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨ ਦੇਹੀ ‘ਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਜੋ ਬੀੜ ਸਿਖਾਂ ਵਾਲਾ ਵਿਖੇ ਆਰੋਪੀਆਂ ਨੇ ਝਾੜੀਆਂ ਵਿਚ ਛੁਪਾ ਕੇ ਰੱਖਿਆ ਸੀ ਉਸਨੂੰ ਬਰਾਮਦ ਕਰਵਾਉਣ ਲਈ ਇਥੇ ਲੈਕੇ ਆਏ ਸੀ, ਪਰ ਆਰੋਪੀ ਨੇ ਇਥੇ ਆ ਕੇ ਮੋਟਰਸਾਈਕਲ ਵਿਚ ਛੁਪਾ ਕੇ ਰੱਖੇ ਪਿਸਟਲ ਨਾਲ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ,ਅਤੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ ਕੀਤੀ ਜਿਸ ਦੌਰਾਨ ਇਕ ਗੋਲੀ ਪੁਲਿਸ ਦੀ ਗੱਡੀ ਦੇ ਸਾਈਲੈਂਸਰ ‘ਚ ਜਾ ਵੱਜੀ, ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਗੈਂਗਸਟਰ ਚਿੰਕੀ ਦੇ ਲੱਤ ਵਿਚ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਹਨਾਂ ਦਸਿਆ ਕਿ ਜੋ ਅਸਲਾ ਇਸ ਤੋਂ ਬਰਾਮਦ ਹੋਇਆ ਇਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹੀ ਅਸਲਾ ਬਾਹਮਣ ਵਾਲਾ ਕਤਲ ਮਾਮਲੇ ਵਿਚ ਵੀ ਵਰਤਿਆ ਗਿਆ ਹੈ ਕਿ ਨਹੀਂ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਕੀ 2 ਸਾਥੀਆਂ ਦੀ ਪਹਿਚਾਣ ਹੋ ਚੁਕੀ ਹੈ ਅਤੇ ਉਹਨਾਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਜਿਹੇ ਲੋਕਾਂ ਨੂੰ ਚੇਤਾਵਨੀ ਵੀ ਦਿੰਦੇ ਕਿਹਾ ਕਿ ਅਜਿਹੇ ਅਪਰਾਧੀਆਂ ਦਾ ਸਾਥ ਦੇਣ, ਉਹਨਾਂ ਨੂੰ ਠਹਿਰਾਉਣ ਵਿਚ ਮਦਦ ਕਰਨ, ਫੋਨ ਦੇਣ ਜਾਂ ਰੀਚਾਰਜ ਕਰਨ ਆਦਿ ਕਿਸੇ ਵੀ ਤਰਾਂ ਨਾਲ ਇਹਨਾਂ ਦੀ ਮਦਦ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਭ ਨੂੰ ਨਾਮਜ਼ਦ ਕਰ ਗ੍ਰਿਫ਼ਤਾਰ ਕੀਤਾ ਜਾਵੇਗਾ।