Vinod Kambli Health: ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਾਰ ਫਿਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕਾਂਬਲੀ ਨੂੰ ਮੁੰਬਈ ਦੇ ਠਾਣੇ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਾਂਬਲੀ ਨੂੰ ਦਿਲ ਦੀ ਬੀਮਾਰੀ ਨਾਲ ਜੁੜੀ ਸਮੱਸਿਆ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਉਨ੍ਹਾਂ ਨੂੰ ਪਹਿਲਾਂ ਵੀ ਦਿਲ ਦੀ ਬੀਮਾਰੀ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ‘ਚ ਹੈ ਤੇ ਬਾਕੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।
ਕਾਂਬਲੀ ਦੀ ਹਾਲਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਕਾਂਬਲੀ ਉਦੋਂ ਹੋਰ ਵੀ ਸੁਰਖੀਆਂ ਵਿੱਚ ਆਏ ਜਦੋਂ ਉਹ ਸਚਿਨ ਤੇਂਦੁਲਕਰ ਦੇ ਗੁਰੂ ਰਮਾਕਾਂਤ ਆਚਰੇਕਰ ਮੈਮੋਰੀਅਲ ਦੇ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ‘ਚ ਸਚਿਨ ਨੇ ਵੀ ਸ਼ਿਰਕਤ ਕੀਤੀ ਅਤੇ ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।
ਜ਼ਬਰਦਸਤ ਪ੍ਰਦਰਸ਼ਨ ਨਾਲ ਕਰੀਅਰ ਦੀ ਸ਼ੁਰੂਆਤ
ਵਿਨੋਦ ਕਾਂਬਲੀ ਨੇ ਟੀਮ ਇੰਡੀਆ ਲਈ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਾਲ 1991 ਵਿੱਚ ਵਨਡੇ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1993 ‘ਚ ਟੈਸਟ ਡੈਬਿਊ ਕੀਤਾ। ਉਹ ਭਾਰਤ ਲਈ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ। ਉਸ ਨੇ ਇਹ ਕਾਰਨਾਮਾ 14 ਪਾਰੀਆਂ ਵਿੱਚ ਕੀਤਾ। ਪਰ ਬਾਅਦ ‘ਚ ਉਹ ਮੈਦਾਨ ਤੋਂ ਬਾਹਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿਣ ਲੱਗੇ।
ਵਿਨੋਦ ਕਾਂਬਲੀ ਦਾ ਕ੍ਰਿਕਟ ਕਰੀਅਰ
ਵਿਨੋਦ ਕਾਂਬਲੀ ਨੇ ਭਾਰਤ ਲਈ 17 ਟੈਸਟ ਮੈਚਾਂ ਵਿੱਚ 1084 ਦੌੜਾਂ ਬਣਾਈਆਂ ਹਨ, ਜਿਸ ਵਿੱਚ 4 ਸੈਂਕੜੇ ਤੇ 3 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ ਟੀਮ ਇੰਡੀਆ ਲਈ 104 ਵਨਡੇ ਮੈਚਾਂ ‘ਚ 2 ਸੈਂਕੜੇ ਅਤੇ 14 ਅਰਧ ਸੈਂਕੜਿਆਂ ਦੀ ਮਦਦ ਨਾਲ 2477 ਦੌੜਾਂ ਬਣਾਈਆਂ ਹਨ।