FAKE Call center in Mohali; ਐਸ.ਏ.ਐਸ. ਨਗਰ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਇੰਡਸਟਰੀਅਲ ਏਰੀਆ ਫੇਸ 8-ਬੀ ਵਿੱਚ ਚੱਲ ਰਹੇ ਗੈਰ ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਸ੍ਰੀ ਹਰਮਨਦੀਪ ਹੰਸ (ਆਈ.ਪੀ.ਐਸ.) ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਠੱਗੀ ਵਾਲਾ ਧੰਦਾ ਹਾਲ ਹੀ ਵਿੱਚ ਸ਼ੁਰੂ ਹੋਇਆ ਸੀ, ਪਰ ਸਿਰਫ 8–10 ਦਿਨਾਂ ਵਿੱਚ ਹੀ ਇਨ੍ਹਾਂ ਨੇ 338 ਵਿਦੇਸ਼ੀ ਨਾਗਰਿਕਾਂ ਨਾਲ ਕਰੀਬ $20,000 (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਲਈ।
ਇਹ ਗੈਰ ਕਾਨੂੰਨੀ ਕਾਲ ਸੈਂਟਰ ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਪੁਲਿਸ ਦੀ ਤੁਰੰਤ ਕਾਰਵਾਈ ਦੌਰਾਨ 6 ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ 6 ਲੈਪਟਾਪ, 3 ਮੋਬਾਇਲ ਫੋਨ ਤੇ ਹੋਰ ਡਿਜੀਟਲ ਸਬੂਤ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹੇਠ ਲਿਖੇ ਤੌਰ ‘ਤੇ ਹੋਈ ਹੈ:
ਗ੍ਰਿਫ਼ਤਾਰ ਦੋਸ਼ੀ:
ਰੋਹਿਤ ਮਹਿਰਾ ਪੁੱਤਰ ਸੁਭਾਸ ਕੁਮਾਰ – ਭਾਗ ਕਲਾ, ਲੁਧਿਆਣਾ
ਅਨਵਰ ਰੇਡਰਿਕਸ ਪੁੱਤਰ ਵਿਲਫਰੈਂਡ – ਗੋਆ, ਹਾਲ ਜੀਰਕਪੁਰ
ਸੋਮਦੇਵ ਪੁੱਤਰ ਦੇਸ਼ਾਸੀਸ – ਕਲਕੱਤਾ, ਹਾਲ ਜੀਰਕਪੁਰ
ਬੁੱਧਾ ਭੂਸ਼ਨ ਕਮਲੇ ਪੁੱਤਰ ਸਾਹਿਬ – ਪੂਨੇ, ਹਾਲ ਜੀਰਕਪੁਰ
ਐਥਨੀ ਗੈਮਸ ਪੁੱਤਰ ਰੇਸਮੀ – ਕਲਕੱਤਾ, ਹਾਲ ਜੀਰਕਪੁਰ
ਜੀਤੇਸ਼ ਕੁਮਾਰ ਪੁੱਤਰ ਦਵਿੰਦਰ – ਲੁਧਿਆਣਾ
ਠੱਗੀ ਦਾ ਤਰੀਕਾ:
ਇਹ ਠੱਗ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡਜ਼ ਅਤੇ ਫ਼ਰਜ਼ੀ ਪੋਪਅੱਪਸ ਰਾਹੀਂ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਨੂੰ ਇਹ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ਵਿੱਚ ਤਕਨੀਕੀ ਖਾਮੀ ਆ ਗਈ ਹੈ। ਫਿਰ ਉਨ੍ਹਾਂ ਤੋਂ ਕਾਲ ਕਰਵਾ ਕੇ ਐਂਟੀਵਾਇਰਸ ਜਾਂ ਸਿਸਟਮ ਅਪਡੇਟ ਦੇ ਨਾਂ ‘ਤੇ Apple ਜਾਂ Walmart ਦੇ ਗਿਫਟ ਕਾਰਡ ਖਰੀਦਣ ਲਈ ਕਿਹਾ ਜਾਂਦਾ ਸੀ, ਜਿਸ ਦੇ ਕੋਡ ਲੈ ਕੇ ਪੈਸੇ ਹੜਪ ਲਏ ਜਾਂਦੇ ਸਨ।
ਮਾਸਟਰਮਾਈਂਡ ਹਾਲੇ ਫਰਾਰ:
ਪੁਲਿਸ ਅਨੁਸਾਰ, ਇਸ ਕਾਲ ਸੈਂਟਰ ਦਾ ਮਾਸਟਰਮਾਈਂਡ ਐਲਕਸ ਨਾਂ ਦਾ ਵਿਅਕਤੀ ਹੈ, ਜੋ ਫਿਲਹਾਲ ਫਰਾਰ ਹੈ। ਉਸ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ‘ਤੇ ਜਤਨ ਕੀਤੇ ਜਾ ਰਹੇ ਹਨ।
ਅੱਗੇ ਦੀ ਕਾਰਵਾਈ:
ਮੋਹਾਲੀ ਪੁਲਿਸ ਨੇ ਦੱਸਿਆ ਕਿ ਬੈਂਕ ਲੈਣ-ਦੇਣ ਅਤੇ ਡਿਜੀਟਲ ਸਬੂਤਾਂ ਦੀ ਗਹਿਰੀ ਜਾਂਚ ਜਾਰੀ ਹੈ। ਹੋਰ ਪੀੜਤਿਆਂ ਦੀ ਪਛਾਣ ਅਤੇ ਸੰਭਵ ਤੌਰ ਤੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਐਸ.ਐਸ.ਪੀ. ਹੰਸ ਨੇ ਕਿਹਾ: “ਇਹ ਕਾਰਵਾਈ ਸਾਬਤ ਕਰਦੀ ਹੈ ਕਿ ਪੰਜਾਬ ਪੁਲਿਸ ਸਾਈਬਰ ਅਪਰਾਧੀਆਂ ਵਿਰੁੱਧ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਅਜਿਹੇ ਅਪਰਾਧੀਆਂ ਨੂੰ ਕਾਨੂੰਨੀ ਸਜ਼ਾ ਜ਼ਰੂਰ ਮਿਲੇਗੀ।”