Punjab News;ਬੇਸ਼ੱਕ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਪਰ ਵਿਭਾਗੀ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਗੈਰ ਸੰਜ਼ੀਦਗੀ ਕਾਰਨ ਅਜੇ ਵੀ ਕਈ ਪਿੰਡਾਂ ਦੇ ਖੇਤ ਨਹਿਰੀ ਪਾਣੀ ਤੋਂ ਵਾਂਝੇ ਹਨ, ਅਜਿਹਾ ਹੀ ਇਕ ਮਾਮਲਾ ਰਾਏਕੋਟ ਦੇ ਪਿੰਡ ਜੌਹਲਾਂ ਵਿਖੇ ਸਾਹਮਣੇ ਆਇਆ ਹੈ, ਜਿੱਥੇ ਬਠਿੰਡਾ ਬ੍ਰਾਂਚ ਨਹਿਰ ਤੋਂ ਕੁੱਝ ਹੀ ਦੂਰੀ ਤੇ ਸਥਿਤ ਖੇਤਾਂ ਵਿਚ ਅਜੇ ਤੱਕ ਪਾਣੀ ਨਹੀਂ ਪੁੱਜਿਆ, ਜਦਕਿ ਇਹ ਸਾਰਾ ਇਲਾਕਾ ਮਾਰੂ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਨਹਿਰੀ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਦੇ ਦਫਤਰ ਵਿਚ ਪਿੰਡ ਦੇ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਚੱਕਰ ਕੱਢ ਰਹੇ ਹਨ ਪ੍ਰੰਤੂ ਅਧਿਕਾਰੀ ‘ਛੇਤੀ ਹੱਲ ਹੋ ਜਾਊਗਾ’ ਭਰੋਸਾ ਦੇ ਕੇ ਕਿਸਾਨਾਂ ਨੂੰ ਟਾਲ ਦਿੰਦੇ ਹਨ, ਸਗੋਂ ਅਧਿਕਾਰੀਆਂ ਦੇ ਲਾਰਿਆਂ ਤੋਂ ਅੱਕੇ ਵੱਡੀ ਗਿਣਤੀ ‘ਚ ਕਿਸਾਨਾਂ ਨੇ ਮੀਡੀਆ ਅੱਗੇ ਆਪਣਾ ਦੁਖੜਾ ਸੁਣਾਇਆ।
ਇਸ ਮੌਕੇ ਗੱਲ ਕਰਦਿਆਂ ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਦੇ ਖੇਤ ਬਠਿੰਡਾ ਬ੍ਰਾਂਚ ਨਹਿਰ ਦੇ ਬਿਲਕੁਲ ਲਾਗੇ ਹਨ ਅਤੇ ਨਹਿਰ ਵਿੱਚੋ ਨਿਕਲਦੇ ਰਾਏਕੋਟ ਰਜਬਾਹੇ ਦਾ ਪਾਣੀ ਪਹਿਲੇ ਹੀ ਮੋਘੇ 524 ਨੰਬਰ ਵਿਚ ਨਹੀਂ ਆਉਂਦਾ ਤਾਂ ਅੱਗੇ ਕਿੱਥੇ ਮੋਘਿਆ ਰਾਹੀਂ ਖੇਤਾਂ ਵਿਚ ਪਹੁੰਚਦਾ ਹੋਵੇਗਾ। ਉਨ੍ਹਾਂ ਕਿਹਾ ਤਿੰਨ ਸਾਲ ਪਹਿਲਾ ਇਸ ਰਜਬਾਹੇ ਨੂੰ ਪੱਕਾ ਕਰਨ ਸਮੇਂ ਲੇਵਲ ਸਹੀ ਤਰੀਕੇ ਨਾਲ ਚੈੱਕ ਨਹੀਂ ਕੀਤਾ ਗਿਆ ਅਤੇ ਰਜਬਾਹੇ ਵਿੱਚ ਢਲਾਣ ਜਿਆਦਾ ਹੋਣ ਕਾਰਨ ਪਾਣੀ ਮੋਘੇ ਵਿੱਚ ਜਾਣ ਦੀ ਬਜਾਏ ਅੱਗੇ ਲੰਘ ਜਾਂਦਾ ਹੈ।ਜਿਸ ਕਾਰਨ ਉਨ੍ਹਾਂ ਦੇ ਖੇਤਾਂ ਪਾਣੀ ਨਾ ਮਿਲਣ ਕਾਰਨ ਫਸਲਾਂ ਦੀ ਪੈਦਾਵਾਰ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿਉਂਕਿ ਨਹਿਰ ਲਾਗਲੇ ਖੇਤ ਹੋਣ ਕਾਰਨ ਇਥੇ ਬਿਜਲੀ ਕੁਨੈਕਸ਼ਨ ਘੱਟ ਹਨ, ਜਦਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਸਮੱਸਿਆ ਦੇ ਹੱਲ ਲਈ ਬਠਿੰਡਾ ਵਿਖੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਕੋਲ ਜਾਂਦੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਸਮੱਸਿਆ ਦਾ ਅਧਿਕਾਰੀਆਂ ਨੇ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਸਹੂਲਤ ਲਈ ਖੇਤਾਂ ਤੱਕ ਨਹਿਰੀ ਪਾਣੀ ਮੁੱਹਈਆ ਕਰਵਾਉਣ ਲਈ ਕਾਫੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਪਰ ਕੁੱਝ ਵਿਭਾਗੀ ਅਧਿਕਾਰੀ ਸਰਕਾਰ ਦੀ ਇਸ ਕੋਸ਼ਿਸ਼ ਨੂੰ ਢਾਹ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਛੇਤੀ ਸਮੱਸਿਆ ਦਾ ਹੱਲ ਕਰਕੇ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ, ਜੇਕਰ ਉਨ੍ਹਾਂ ਦੇ ਮਸਲੇ ਦਾ ਜਲਦ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਕਿਸਾਨ ਯੂਨੀਅਨ ਸਮੇਤ ਅਧਿਕਾਰੀਆ ਦੇ ਦਫਤਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਲਈ ਅਧਿਕਾਰੀ ਜਿੰਮੇਵਾਰ ਹੋਣਗੇ।ਇਸ ਸੰਬਧੀ ਜਦੋਂ ਨਹਿਰੀ ਵਿਭਾਗ ਦੱਧਾਹੂਰ ਦੇ ਜੇਈ ਦੀਪਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਮਸਲੇ ਦੇ ਹੱਲ ਲਈ ਵਿਭਾਗ ਵੱਲੋਂ ਵੱਡੇ ਪੱਧਰ ਤੇ ਯਤਨ ਕੀਤਾ ਜਾ ਰਿਹਾ ਹੈ।ਜਿਸ ਤਹਿਤ ਜਲਦ ਕਿਸਾਨਾਂ ਦੀ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ।