ਆਨਲਾਈਨ ਜੂਆ ਖੇਡਣ ਦੇ ਪੈਸੇ ਨਾ ਮਿਲਣ ‘ਤੇ ਭੈਣ ਦੀ ਚਾਕੂ ਮਾਰ ਕੇ ਹੱਤਿਆ, ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News: ਮੋਹਕਮਪੁਰਾ ਥਾਣੇ ਅਧੀਨ ਆਉਂਦੇ ਰਾਜੇਸ਼ ਨਗਰ ਦੀ ਗਲੀ ਨੰਬਰ 13 ਦੀ ਰਹਿਣ ਵਾਲੀ ਨਿਸ਼ਾ ਭਾਰਤੀ (21) ਦਾ ਮੰਗਲਵਾਰ ਦੇਰ ਰਾਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਚਚੇਰੇ ਭਰਾ ਸੰਜੀਵ ਉਰਫ਼ ਸੰਜੂ ਨੇ ਜੂਏ ਲਈ ਪੈਸੇ ਨਾ ਮਿਲਣ ਕਾਰਨ ਇਹ ਵਾਰਦਾਤ ਕੀਤੀ।
ਸੰਜੂ ਨੂੰ ਆਨਲਾਈਨ ਜੂਆ ਖੇਡਣ ਦਾ ਸ਼ੌਕ ਹੈ ਅਤੇ ਉਹ ਚੋਰੀ ਕਰਨ ਦੇ ਇਰਾਦੇ ਨਾਲ ਨਿਸ਼ਾ ਦੇ ਕਮਰੇ ਵਿਚ ਦਾਖਲ ਹੋਇਆ ਸੀ। ਜਦੋਂ ਨਿਸ਼ਾ ਨੇ ਉਸ ਨੂੰ ਚੋਰੀ ਕਰਦੇ ਦੇਖਿਆ ਤਾਂ ਉਸ ਨੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਦੂਜੇ ਪਾਸੇ ਜਦੋਂ ਪੁਲਿਸ ਨੂੰ ਬੁੱਧਵਾਰ ਸਵੇਰੇ ਘਟਨਾ ਬਾਰੇ ਪਤਾ ਲੱਗਾ ਤਾਂ ਸ਼ੱਕ ਦੇ ਅਧਾਰ ‘ਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਏਡੀਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਕਿ ਮੁਲਜਮ ਨੇ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਏਡੀਸੀਪੀ ਨੇ ਕਿਹਾ ਕਿ ਘਟਨਾ ਦੌਰਾਨ ਨਿਸ਼ਾ ਨੇ ਸੰਜੀਵ ਨੂੰ ਅਲਮਾਰੀ ਵਿਚੋਂ ਪੈਸੇ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ ਸੀ। ਅਪਰਾਧ ਲੁਕਾਉਣ ਲਈ ਮੁਲਜਮ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਦੀ ਮਾਂ ਬਬੀਤਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਨਿਸ਼ਾ ਨੇੜਲੇ ਸੰਸਥਾਨ ਤੋਂ ਬੀਸੀਏ ਦੀ ਪੜ੍ਹਾਈ ਕਰ ਰਹੀ ਸੀ। ਉਸ ਦਾ ਜੇਠ ਉਸੇ ਘਰ ਦੀ ਹੇਠਲੀ ਮੰਜ਼ਿਲ ‘ਤੇ ਰਹਿੰਦਾ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਪਹਿਲੀ ਮੰਜ਼ਿਲ ‘ਤੇ ਰਹਿੰਦੀ ਹੈ।
ਜੇਠ ਦਾ ਪੁੱਤਰ ਸੰਜੀਵ ਉਰਫ਼ ਸੰਜੂ ਵੀ ਉੱਥੇ ਬੀਸੀਏ ਕਰ ਰਿਹਾ ਹੈ। ਉਹ ਦੋਵੇਂ ਅਕਸਰ ਇੱਕੋ ਥਾਂ ਬੈਠ ਕੇ ਪੜ੍ਹਾਈ ਕਰਦੇ ਸਨ। ਪਰ ਪਰਿਵਾਰ ਵਿਚ ਕਿਸੇ ਨੂੰ ਨਹੀਂ ਪਤਾ ਸੀ ਕਿ ਸੰਜੀਵ ਆਨਲਾਈਨ ਜੂਆ ਖੇਡਦਾ ਹੈ। ਹਰ ਰੋਜ਼ ਵਾਂਗ, ਉਸ ਦਾ ਪਤੀ ਮੰਗਲਵਾਰ ਸ਼ਾਮ 7 ਵਜੇ ਬਟਾਲਾ ਰੋਡ ‘ਤੇ ਸਥਿਤ ਇਕ ਫੈਕਟਰੀ ਵਿੱਚ ਕੰਮ ‘ਤੇ ਗਿਆ ਹੋਇਆ ਸੀ।
ਉਨ੍ਹਾਂ ਦੇ ਜਾਣ ਤੋਂ ਬਾਅਦ ਨਿਸ਼ਾ ਅਤੇ ਉਹ ਘਰ ਵਿਚ ਇਕੱਲੇ ਸਨ। ਰਾਤ ਦੇ 10 ਵਜੇ ਸੰਜੀਵ ਨਿਸ਼ਾ ਨਾਲ ਪੜ੍ਹਨ ਲਈ ਉਨ੍ਹਾਂ ਦੇ ਕੋਲ ਆਇਆ, ਪਰ ਬਿਜਲੀ ਨਾ ਹੋਣ ਕਾਰਨ ਵਾਪਸ ਚਲਾ ਗਿਆ। ਜਦੋਂ ਉਹ ਰਾਤ ਨੂੰ 1:30 ਵਜੇ ਉਹ ਨੀਂਦ ਤੋਂ ਜਾਗੀ ਤਾਂ ਉਹ ਆਪਣੀ ਧੀ ਦੇ ਕੋਲ ਗਈ ਅਤੇ ਦੇਖਿਆ ਕਿ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਸੀ। ਘਟਨਾ ਤੋਂ ਤੁਰੰਤ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।