ਪੁਸ਼ਕਰ ਮੇਲੇ ’ਚ 2 ਫੁੱਟ ਦੀ ਮੱਝ ਬਣੀ ਖਿੱਚ ਦਾ ਕੇਂਦਰ, ਕੀਮਤ 1 ਕਰੋੜ ਰੁਪਏ ਤੱਕ ਹੋਣ ਦੇ ਚਰਚੇ
- 5 ਸਾਲ ਦੀ ਉਮਰ ਦੇ ਬਾਵਜੂਦ ਕੱਦ ਸਿਰਫ਼ 2 ਫੁੱਟ
- ਮਹਾਰਾਸ਼ਟਰ ਤੋਂ ਮਾਲਕ 1,100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲਿਆਇਆ
ਅਜਮੇਰ: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਲੱਗੇ ਵਿਸ਼ਵ ਪ੍ਰਸਿੱਧ ਪੁਸ਼ਕਰ ਪਸ਼ੂ ਮੇਲੇ ਵਿੱਚ ਇਸ ਵਾਰ ਇੱਕ ਨਿੱਕੀ ਜਿਹੀ ਮੱਝ ਲੋਕਾਂ ਦੀ ਖ਼ਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ‘ਪਿੰਕੀ’ ਨਾਂ ਦੀ ਇਸ ਮੱਝ ਦਾ ਕੱਦ ਮਹਿਜ਼ 2 ਫੁੱਟ ਹੈ ਅਤੇ ਉਮਰ ਕਰੀਬ 5 ਸਾਲ ਦੱਸੀ ਜਾ ਰਹੀ ਹੈ। ਆਪਣੀ ਅਨੋਖੀ ਦਿੱਖ ਕਾਰਨ ਇਹ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਅਤੇ ਪਸ਼ੂ ਪਾਲਕਾਂ ਦਾ ਧਿਆਨ ਖਿੱਚ ਰਹੀ ਹੈ।
ਪਿੰਕੀ ਨੂੰ ਮਹਾਰਾਸ਼ਟਰ ਦੇ ਠਾਣੇ ਤੋਂ ਇਸ ਦੇ ਮਾਲਕ ਸੋਹਿਲ ਸ਼ਕੀਲ ਕਰੀਬ 1,100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੁਸ਼ਕਰ ਲਿਆਏ ਹਨ। ਮੇਲੇ ਵਿੱਚ ਆਉਣ ਵਾਲੇ ਲੋਕ, ਖ਼ਾਸ ਕਰਕੇ ਬੱਚੇ, ਇਸ ਛੋਟੇ ਕੱਦ ਵਾਲੀ ਭੈਂਸ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਕਈ ਲੋਕ ਉਸ ਨਾਲ ਤਸਵੀਰਾਂ ਅਤੇ ਸੈਲਫੀਆਂ ਵੀ ਖਿੱਚ ਰਹੇ ਹਨ।
ਕੀਮਤ ਨੂੰ ਲੈ ਕੇ ਚਰਚਾ
ਪਿੰਕੀ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋ ਰਹੀ ਹੈ। ਵਾਇਰਲ ਵੀਡੀਓਜ਼ ਵਿੱਚ ਇਸ ਦੀ ਕੀਮਤ 20 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੱਸੀ ਜਾ ਰਹੀ ਹੈ। ਹਾਲਾਂਕਿ, ਇਸ ਦੇ ਮਾਲਕ ਨੇ ਅਜੇ ਤੱਕ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ।
ਕੁਦਰਤੀ ਤੌਰ ’ਤੇ ਰਹਿ ਗਿਆ ਛੋਟਾ ਕੱਦ
ਮਾਲਕ ਸੋਹਿਲ ਸ਼ਕੀਲ ਮੁਤਾਬਕ, ਪਿੰਕੀ ਦਾ ਛੋਟਾ ਕੱਦ ਕਿਸੇ ਖ਼ਾਸ ਨਸਲ ਕਾਰਨ ਨਹੀਂ, ਸਗੋਂ ਜਨਮ ਤੋਂ ਹੀ ਅਜਿਹਾ ਹੈ। ਪੰਜ ਸਾਲ ਦੀ ਉਮਰ ਹੋਣ ਦੇ ਬਾਵਜੂਦ ਉਸ ਦਾ ਸਰੀਰਕ ਵਿਕਾਸ ਆਮ ਮੱਝਾਂ ਵਾਂਗ ਨਹੀਂ ਹੋਇਆ। ਸੋਹਿਲ ਨੇ ਦੱਸਿਆ ਕਿ ਪਿੰਕੀ ਦੀ ਮਾਂ ਦਾ ਕੱਦ ਵੀ ਕਰੀਬ 3 ਫੁੱਟ ਸੀ ਅਤੇ ਉਹ ਰੋਜ਼ਾਨਾ ਲਗਭਗ 2 ਲੀਟਰ ਦੁੱਧ ਦਿੰਦੀ ਸੀ। ਪਿੰਕੀ ਦਾ ਅਜੇ ਤੱਕ ਬੱਚਾ ਨਹੀਂ ਹੋਇਆ।
ਤੇਜ਼ ਆਵਾਜ਼ ਤੋਂ ਰਹਿੰਦੀ ਹੈ ਪ੍ਰੇਸ਼ਾਨ
ਪਿੰਕੀ ਤੇਜ਼ ਆਵਾਜ਼ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਕਾਰਨ ਉਸ ਨੂੰ ਮੇਲੇ ਦੇ ਰੌਲੇ-ਰੱਪੇ ਅਤੇ ਸ਼ੋਰ ਤੋਂ ਦੂਰ ਰੱਖਿਆ ਜਾਂਦਾ ਹੈ, ਤਾਂ ਜੋ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।