ਅੰਮ੍ਰਿਤਸਰ ‘ਚ ਟ੍ਰਾਂਸਫਾਰਮਰ ਮਾਮਲੇ ਨੂੰ ਲੈ ਕੇ ਕਿਸਾਨਾਂ ਦਾ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ
Latest News: ਅੰਮ੍ਰਿਤਸਰ ਦੇ ਮਜੀਠਾ ਹਲਕੇ ਅਧੀਨ ਪੈਂਦੇ ਪਿੰਡ ਚਾਚੂਵਾਲੀ ਵਿੱਚ ਟ੍ਰਾਂਸਫਾਰਮਰ ਲਗਾਉਣ ਦੇ ਮਾਮਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟ੍ਰਾਂਸਫਾਰਮਰ ਬਿਜਲੀ ਮਹਿਕਮੇ ਦੀ ਪੂਰੀ ਪ੍ਰਕਿਰਿਆ ਦੇ ਤਹਿਤ ਅਤੇ ਕਾਨੂੰਨੀ ਤਰੀਕੇ ਨਾਲ ਪਾਸ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਲਈ ਪਹਿਲਾਂ ਵਿਭਾਗ ਵੱਲੋਂ ਸਕੈਚ ਅਤੇ ਐਸਟਿਮੇਟ ਤਿਆਰ ਕਰਕੇ ਮਨਜ਼ੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਟ੍ਰਾਂਸਫਾਰਮਰ ਦਾ ਸਾਰਾ ਸਮਾਨ ਵੀ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਅਤੇ ਠੇਕੇਦਾਰ ਰਾਹੀਂ ਕੰਮ ਕੀਤਾ ਜਾਣਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਹੋਰ ਵੀ ਕਈ ਥਾਵਾਂ ‘ਤੇ ਇਸੇ ਤਰੀਕੇ ਨਾਲ ਟ੍ਰਾਂਸਫਾਰਮਰ ਲਗੇ ਹੋਏ ਹਨ ਅਤੇ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ।
ਸਰਵਨ ਸਿੰਘ ਪੰਧੇਰ ਨੇ ਦੋਸ਼ ਲਗਾਇਆ ਕਿ ਬਿਜਲੀ ਮਹਿਕਮੇ ਵੱਲੋਂ ਗਲਤ ਢੰਗ ਨਾਲ ਕਿਸਾਨਾਂ ‘ਤੇ ਪੁਲਿਸ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਬਿਨਾਂ ਕਿਸਾਨਾਂ ਦੀ ਗੱਲ ਸੁਣੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ‘ਤੇ ਇਸ ਤਰ੍ਹਾਂ ਦੀ ਕ੍ਰਿਮਿਨਲ ਕਾਰਵਾਈ ਕਰਨਾ ਠੀਕ ਨਹੀਂ ਹੈ ਅਤੇ ਇਹ ਸਾਰਾ ਮਾਮਲਾ ਰਾਜਨੀਤਿਕ ਦਬਾਅ ਹੇਠ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਮਾਰਚ ਮਹੀਨੇ ਵਿੱਚ ਬਿਜਲੀ ਬੋਰਡ ਕੋਲ ਟ੍ਰਾਂਸਫਾਰਮਰ ਲਗਾਉਣ ਲਈ ਅਰਜ਼ੀ ਦਿੱਤੀ ਸੀ ਅਤੇ ਸਾਰਾ ਐਸਟਿਮੇਟ ਪਾਸ ਹੋ ਗਿਆ ਸੀ। ਉਸ ਮੁਤਾਬਕ ਬਿਜਲੀ ਬੋਰਡ ਵੱਲੋਂ ਟ੍ਰਾਂਸਫਾਰਮਰ ਦਾ ਸਾਰਾ ਸਮਾਨ ਵੀ ਘਰ ਤੱਕ ਪਹੁੰਚਾ ਦਿੱਤਾ ਗਿਆ ਸੀ। ਪਰ ਇੱਕ ਸਾਲ ਤੱਕ ਉਸ ਨੇ ਐਕਸੀਅਨ, ਐਸਡੀਓ ਅਤੇ ਜੇਈ ਕੋਲ ਬੇਨਤੀ ਕੀਤੀ ਪਰ ਟ੍ਰਾਂਸਫਾਰਮਰ ਨਹੀਂ ਲਗਾਇਆ ਗਿਆ।
ਕੁਲਦੀਪ ਸਿੰਘ ਨੇ ਕਿਹਾ ਕਿ ਆਖ਼ਿਰਕਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਸਲਾਹ ‘ਤੇ ਉਸ ਨੇ ਪ੍ਰਾਈਵੇਟ ਠੇਕੇਦਾਰ ਰਾਹੀਂ ਟ੍ਰਾਂਸਫਾਰਮਰ ਲਗਵਾ ਲਿਆ। ਹੁਣ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ‘ਤੇ ਨਾਜਾਇਜ਼ ਤੌਰ ‘ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਕੋਲ ਸਾਰੇ ਕਾਨੂੰਨੀ ਦਸਤਾਵੇਜ਼ ਮੌਜੂਦ ਹਨ।
ਉਧਰ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਚਾਚੂਵਾਲੀ ਪਿੰਡ ਵਿੱਚ ਟ੍ਰਾਂਸਫਾਰਮਰ ਲਗਾਉਣ ਨੂੰ ਲੈ ਕੇ ਬਿਜਲੀ ਬੋਰਡ ਵੱਲੋਂ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋਵੇਂ ਪੱਖਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਬਿਜਲੀ ਬੋਰਡ ਤੋਂ ਵੀ ਪੂਰੀ ਰਿਪੋਰਟ ਲਈ ਜਾ ਰਹੀ ਹੈ।
ਡੀਐਸਪੀ ਨੇ ਕਿਹਾ ਕਿ ਟ੍ਰਾਂਸਫਾਰਮਰ ਲੀਗਲ ਹੈ ਜਾਂ ਅਲੀਗਲ, ਇਸ ਬਾਰੇ ਬਿਜਲੀ ਬੋਰਡ ਦੀ ਰਿਪੋਰਟ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ ਅਤੇ ਉਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।