ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਚਾਈਨਾ ਡੋਰ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਰਿਹਾ ਫੇਲ : ਐਡਵੋਕੇਟ ਧਾਰਨੀ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜ਼ਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਣ ਕਾਰਨ ਬਾਲ ਬਾਲ ਬਚ ਗਏ ਤੇ ਜਦੋਂ ਉਹ ਸਕੂਟਰ ਤੇ ਮਾਰਕੀਟ ਜਾ ਰਹੇ ਸਨ ਤਾਂ ਚਾਈਨਾ ਡੋਰ ਉਹਨਾਂ ਦੇ ਗਲੇ ਵਿੱਚ ਆ ਕੇ ਫਸ ਗਈ ਜਿਸ ਕਾਰਨ ਉਹ ਹੋਲੀ ਡਰਾਈਵਿੰਗ ਕਰਨ ਤੇ ਸਮਾਂ ਰਹਿੰਦੇ ਚੌਕਸੀ ਵਰਤਣ ਕਾਰਨ ਹੱਥ ਨਾਲ ਡੋਰ ਨੂੰ ਤੋੜਨ ਵਿੱਚ ਕਾਮਯਾਬ ਰਹੇ।
ਐਡਵੋਕੇਟ ਧਾਰਨੀ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਪਸ਼ਟ ਕਰੇ ਕੇ ਇਸ ਵਾਰ ਜ਼ਿਲਾ ਫਤਿਹਗੜ੍ਹ ਸਾਹਿਬ ਵਿੱਚ ਦੁਕਾਨਾਂ ਤੇ ਸ਼ਰੇਆਮ ਵਿਕ ਰਹੀ ਚਾਈਨਾ ਡੋਰ ਨੂੰ ਰੋਕਣ ਲਈ ਕਿੰਨੀਆਂ ਕ ਚੈਕਿੰਗਾਂ ਕੀਤੀਆਂ ਗਈਆਂ ਅਤੇ ਕਿੰਨੀਆਂ ਚਾਈਨਾ ਡੋਰ ਦੇ ਗੁੱਟੇ ਪੁਲਿਸ ਵੱਲੋਂ ਫੜੇ ਗਏ ।
ਉਹਨਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਰੋਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਜਮੀਨੀ ਪੱਧਰ ਤੇ ਬਿਲ ਕੁਲ ਫੇਲ ਸਾਬਤ ਹੋਏ ਹਨ ਉਹਨਾਂ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਸ਼ਰੇਆਮ ਸਾਈਨਾ ਡੋਰ ਨਾਲ ਲੋਕਾਂ ਵੱਲੋਂ ਪਤੰਗਾਂ ਉਡਾਈਆਂ ਗਈਆਂ ਅਤੇ ਕਈ ਲੋਕ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜਖਮੀ ਵੀ ਹੋਏ ਪ੍ਰੰਤੂ ਪੁਲਿਸ ਵੱਲੋਂ ਬਸੰਤ ਪੰਚਮੀ ਵਾਲੇ ਦਿਨ ਉੱਚੀ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਲਗਾ ਕੇ ਪਤੰਗ ਉਡਾ ਰਹੇ ਪਤੰਗ ਬਾਜਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ ਰਹੇ ਤੇ ਪੁਲਿਸ ਵੱਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਇਸ ਚਾਈਨਾ ਡੋਰ ਨਾਲ ਜਿੱਥੇ ਅਨੇਕਾਂ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਉੱਥੇ ਹੀ ਕਈ ਲੋਕਾਂ ਨੂੰ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਆਪਣੀਆਂ ਜਾਨਾਂ ਤੱਕ ਗਵਾਉਣੀਆਂ ਪਈਆਂ ਪ੍ਰੰਤੂ ਸਰਕਾਰ ਚਾਈਨਾ ਡੋਰ ਤੇ ਪਾਬੰਦੀ ਲਗਾਉਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ ਕੇਵਲ ਦੁਕਾਨਾਂ ਤੇ ਚੈਕਿੰਗਾਂ ਕਰਨ ਨਾਲ ਚਾਈਨਾ ਡੋਰ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਇਸ ਨੂੰ ਮੁਕੰਮਲ ਤੌਰ ਤੇ ਬੈਨ ਕਰਨ ਲਈ ਇਸ ਦੀ ਪੰਜਾਬ ਭਰ ਵਿੱਚ ਜਿਲਿਆਂ ਪੱਧਰਾਂ ਤੇ ਬਾਜ਼ਾਰਾਂ ਦੀਆਂ ਦੁਕਾਨਾਂ ਵਿੱਚ ਐਂਟਰੀ ਆਉਣੀ ਮੁਕੰਮਲ ਤੌਰ ਤੇ ਬੈਨ ਕੀਤੀ ਜਾਣੀ ਚਾਹੀਦੀ ਹੈ ਤੇ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਨੂੰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਕਤਲ ਦਾ ਪਰਚਾ ਬਿਨਾਂ ਕਿਸੇ ਦੇਰ ਤੋਂ ਦਰਜ ਕੀਤਾ ਜਾਣਾ ਚਾਹੀਦਾ ਹੈ।