ਖਰੜ: ਸ਼ਿਵਜੋਤ ਇਨਕਲੇਵ ਵਿੱਚ ਵੀਰਵਾਰ ਰਾਤ 11 ਵਜੇ 31 ਸਾਲਾ ਸਾਬਕਾ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਨੌਜਵਾਨ ਨੂੰ ਪਹਿਲਾਂ ਚਾਰ ਗੋਲੀਆਂ ਮਾਰੀਆਂ ਅਤੇ ਜਦੋਂ ਉਹ ਉਸਦੇ ਹੇਠਾਂ ਡਿੱਗਣ ਤੋਂ ਬਾਅਦ ਵੀ ਸ਼ੰਤੁਸ਼ਟ ਨਹੀ ਹੋਏ ਤਾਂ ਉਨ੍ਹਾਂ ਨੇ ਉਸ ਤੇ ਤਲਵਾਰ ਨਾਲ ਵੀ ਹਮਲਾ ਕਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜਾਂਦੇ ਸਮੇਂ ਕਾਤਲਾਂ ਨੇ ਪੰਜਵੀਂ ਗੋਲੀ ਵੀ ਚਲਾਈ, ਜੋ ਕਿ ਬੰਦ ਦੁਕਾਨ ਦੇ ਸ਼ਟਰ ਨੂੰ ਲੱਗੀ।
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਰਾਮਪੁਰਾ ਬਠਿੰਡਾ ਵਜੋਂ ਹੋਈ ਹੈ। ਉਹ ਪਹਿਲਾਂ ਕਬੱਡੀ ਦਾ ਖਿਡਾਰੀ ਸੀ ਅਤੇ ਇਸ ਸਮੇਂ ਖਰੜ ਦੇ ਇੱਕ ਜਿੰਮ ਵਿੱਚ ਟ੍ਰੇਨਰ ਸੀ।
ਡੀਐਸਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਪੁਲੀਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ। ਜਦੋਂ ਅਸੀਂ ਉੱਥੇ ਗਏ ਤਾਂ ਦੇਖਿਆ ਕਿ ਗੁਰਪ੍ਰੀਤ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਸੜਕ ‘ਤੇ ਪਈ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਹੈ, ਜਿਸ ਦੇ ਨਾਲ ਸੀਆਈਏ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਨੇ ਚਾਰ-ਪੰਜ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।