ਜੂਨ 1984 ਦੇ ਸ਼ਹੀਦਾਂ ਤੋਂ ਲੈ ਕੇ ਨਵੰਬਰ 84 ਦੀ ਨਸਲਕੁਸ਼ੀ ਤੱਕ, ਸਿੱਖ ਕੌਮ ਅਜੇ ਵੀ ਇਨਸਾਫ ਦੀ ਉਡੀਕ ‘ਚ, SGPC ਵਲੋਂ ਸ਼ਹੀਦਾਂ ਦੀ ਯਾਦ ‘ਚ ਅਰਦਾਸ
Akhand Path Sahib: ਇਤਿਹਾਸਕ ਤੌਰ ‘ਤੇ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੈਨਾ ਹਮਲਾ ਕੀਤਾ ਗਿਆ ਸੀ।
Sri Akal Takht Sahib: ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਦੌਰਾਨ ਜੂਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਲੈ ਕੇ ਨਵੰਬਰ 1984 ਦੇ ਸਿੱਖ ਨਰਸੰਘਾਰ ਤੱਕ ਸ਼ਹੀਦ ਹੋਏ ਬੱਚਿਆਂ, ਮਹਿਲਾਵਾਂ ਅਤੇ ਸਿੰਘਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਤਿਹਾਸਕ ਤੌਰ ‘ਤੇ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੈਨਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਸਮੇਤ ਹਜ਼ਾਰਾਂ ਸਿੱਖ ਸ਼ਹੀਦ ਹੋਏ ਸੀ। ਸ੍ਰੀ ਅਕਾਲ ਤਖਤ ਸਾਹਿਬ ਢਹਿਆ ਗਿਆ ਅਤੇ ਗੁਰੂ ਘਰਾਂ ਦੇ ਪ੍ਰਕਾਸ਼ ਸਥਾਨਾਂ ਤੱਕ ਨੂੰ ਨੁਕਸਾਨ ਪਹੁੰਚਿਆ। ਇਸ ਬੇਅਦਬੀ ਅਤੇ ਜ਼ੁਲਮ ਦਾ ਬਦਲਾ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧ ਕੇ ਲਿਆ।
ਸਿੱਖਾਂ ‘ਤੇ ਕੀਤੇ ਗਏ ਯੋਜਨਾਬੱਧ ਢੰਗ ਨਾਲ ਹਮਲੇ
ਇਸ ਤੋਂ ਬਾਅਦ 1 ਨਵੰਬਰ 1984 ਨੂੰ ਦੇਸ਼ ਭਰ ਵਿੱਚ ਸਿੱਖਾਂ ‘ਤੇ ਯੋਜਨਾਬੱਧ ਹਮਲੇ ਕੀਤੇ ਗਏ। ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਘਰ ਸਾੜੇ ਗਏ, ਬੱਚੇ ਤੇ ਮਹਿਲਾਵਾਂ ਸ਼ਹੀਦ ਹੋਏ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਅੱਜ ਗੁਰੂ ਚਰਨਾਂ ਚ ਅਰਦਾਸ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਦੇ ਕਾਤਲਾਂ ਨੂੰ ਸਜ਼ਾ ਮਿਲਦੀ ਤਾਂ ਕੌਮ ਦੇ ਜਖਮਾਂ ‘ਤੇ ਮਲਮ ਪੈਂਦੀ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਕਈ ਦੁਸ਼ਟ ਜੇਲਾਂ ਤੋਂ ਬਾਹਰ ਘੁੰਮ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ “ਅਸੀਂ ਉਹ ਕੌਮ ਹਾਂ ਜਿਹੜੀ ਆਪਣੇ ਸ਼ਹੀਦਾਂ ਨੂੰ ਕਦੇ ਨਹੀਂ ਭੁਲਾਂਦੀ। 1984 ਦੇ ਸ਼ਹੀਦਾਂ ਦੀ ਯਾਦ ਸਾਡੇ ਲਈ ਕੇਵਲ ਦੁੱਖ ਨਹੀਂ, ਸਬਕ ਵੀ ਹੈ — ਕਿ ਕਿਵੇਂ ਅੱਤਿਆਚਾਰਾਂ ਦੇ ਬਾਵਜੂਦ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਉੱਤੇ ਕਾਇਮ ਰਹੇ।”
ਦੁਨੀਆ ਭਰ ਵਿੱਚ ਅੱਜ ਦੇ ਦਿਨ ਸਿੱਖ ਕੌਮ ਵੱਲੋਂ ਵੱਖ-ਵੱਖ ਰੂਪਾਂ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਕਨੇਡਾ ਵਰਗੇ ਦੇਸ਼ਾਂ ਵਿੱਚ 1984 ਦੀ ਯਾਦ ਵਿੱਚ ਰੁੱਖ ਲਗਾ ਕੇ, ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਜਿੱਥੇ ਸਿੱਖ ਕੌਮ ਦੁਨੀਆਂ ਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਜਿਹੜੇ ਨੇ ਸਾਡੇ ਖੂਨ ਨਾਲ ਜ਼ਮੀਨ ਰੰਗੀ, ਅਸੀਂ ਉਹੀ ਖੂਨ ਮਨਵਤਾ ਦੀ ਰਾਖੀ ਲਈ ਦਾਨ ਕਰ ਰਹੇ ਹਾਂ।