ਫਿਊਚਰ-ਰੈਡੀ ਸਕਿੱਲਸ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਈਟੀਆਈ ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਅਤੇ ਜਾਗਰੂਕਤਾ ਵਰਕਸ਼ਾਪ ਸੀਰੀਜ਼
ਚੰਡੀਗੜ੍ਹ | 24-25 ਫਰਵਰੀ, 2026: ਨੀਤੀ ਆਯੋਗ ਦੇ ਸਟੇਟ ਸਪੋਰਟ ਮਿਸ਼ਨ (ਐੱਸਐੱਸਐੱਮ/SSM) ਦੇ ਤਹਿਤ ਚੰਡੀਗੜ੍ਹ ਇੰਸਟੀਟਿਊਟ ਫੌਰ ਟ੍ਰਾਂਸਫਾਰਮੇਸ਼ਨ (ਸੀਆਈਟੀ/CIT), ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ/CSDM), ਸੈਂਟਰ ਫੌਰ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ (ਸੀਐੱਸਡੀਈ/CSDE), ਪੰਜਾਬ ਯੂਨੀਵਰਸਿਟੀ, ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਦੇ ਸਹਿਯੋਗ ਨਾਲ, 24-25 ਫਰਵਰੀ, 2026 ਨੂੰ ਆਈਟੀਆਈ ਅਤੇ ਪੌਲੀਟੈਕਨਿਕ ਦੇ ਵਿਦਿਆਰਥੀਆਂ ਲਈ ਦੋ ਦਿਨਾਂ ਦੀ “ਫਿਊਚਰ-ਰੈਡੀ ਸਕਿੱਲਸ: ਓਰੀਐਂਟੇਸ਼ਨ ਅਤੇ ਜਾਗਰੂਕਤਾ ਵਰਕਸ਼ਾਪ ਸੀਰੀਜ਼” ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੇ ਉਦਘਾਟਨ ਸੈਸ਼ਨ ਵਿੱਚ ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ, ਵਿੱਤ ਸਕੱਤਰ-ਅਤੇ-ਯੋਜਨਾ ਸਕੱਤਰ, ਯੂਟੀ ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਯੋਜਨਾ ਵਿਭਾਗ ਦੇ ਤਹਿਤ ਸੀਆਈਟੀ-ਐੱਸਐੱਸਐੱਮ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੀਐੱਸਡੀਐੱਮ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਨਿਤੀਸ਼ ਸਿੰਗਲਾ, ਪੀਸੀਐੱਸ, ਵਿਸ਼ਿਸ਼ਟ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਕੌਸ਼ਲ ਵਿਕਾਸ ਨੂੰ ਬਦਲਦੀਆਂ ਕਿਰਤ ਬਜ਼ਾਰ ਦੀਆਂ ਜ਼ਰੂਰਤਾਂ ਦੇ ਅਨੁਰੂਪ ਬਣਾਉਣ, ਉਦਯੋਗ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਨੌਜਵਾਨਾਂ ਨੂੰ ਕੇਵਲ ਅਲਪਕਾਲੀ ਰੋਜ਼ਗਾਰ ਦੀ ਬਜਾਏ ਦੀਰਘਕਾਲੀ ਕਰੀਅਰ ਪ੍ਰਗਤੀ ਹਿਤ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।
ਪੰਜਾਬ ਯੂਨੀਵਰਸਿਟੀ ਵਿਖੇ ਲੀਡ ਨਾਲੇਜ ਇੰਸਟੀਟਿਊਟ (ਐੱਲਕੇਆਈ/LKI) ਦੁਆਰਾ ਸੀਐੱਸਡੀਈ ਦੇ ਜ਼ਰੀਏ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਪ੍ਰੋ. ਸੁਵੀਰਾ ਗਿੱਲ ਦੁਆਰਾ ਜਾਰੀ ਕੀਤੀਆਂ ਗਈਆਂ। ਇਨ੍ਹਾਂ ਰਿਪੋਰਟਾਂ ਵਿੱਚ ਸਕਿੱਲ ਗੈਪ ਮੈਪਿੰਗ ਅਧਿਐਨਾਂ, ਸੰਸਥਾਗਤ ਮੁਲਾਕਾਤਾਂ ਅਤੇ ਹਿਤਧਾਰਕਾਂ ਦੇ ਸਲਾਹ-ਮਸ਼ਵਰਿਆਂ ਤੋਂ ਪ੍ਰਾਪਤ ਨਤੀਜੇ ਪ੍ਰਸਤੁਤ ਕੀਤੇ ਗਏ।
ਵਰਕਸ਼ਾਪ ਦਾ ਇੱਕ ਪ੍ਰਮੁੱਖ ਆਕਰਸ਼ਣ “ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸਕਿੱਲ ਈਕੋਸਿਸਟਮ” ਵਿਸ਼ੇ ‘ਤੇ ਸੈਸ਼ਨ ਰਿਹਾ, ਜਿਸ ਨੂੰ ਐੱਲਕੇਆਈ ਦੇ ਟੈਕਨੋਲੋਜੀ ਪਾਰਟਨਰ ਸ਼੍ਰੀ ਆਸ਼ੀਸ਼ ਸ਼੍ਰੀਵਾਸਤਵ ਨੇ ਸੰਬੋਧਿਤ ਕੀਤਾ। ਸਕਿੱਲ ਇੰਡੀਆ ਮਿਸ਼ਨ ਅਤੇ ਵਿਕਸਿਤ ਭਾਰਤ 2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਨਵੀਂ ਦਿੱਲੀ ਵਿਖੇ ਹਾਲ ਹੀ ਵਿੱਚ ਹੋਏ ਏਆਈ ਸਿਖਰ ਸੰਮੇਲਨ ਦੇ ਅਨੁਰੂਪ, ਇਸ ਸੈਸ਼ਨ ਵਿੱਚ ਦੱਸਿਆ ਗਿਆ ਕਿ ਏਆਈ ਵਿਭਿੰਨ ਖੇਤਰਾਂ ਵਿੱਚ ਰੋਜ਼ਗਾਰ ਦੀ ਪ੍ਰਕ੍ਰਿਤੀ ਨੂੰ ਕਿਵੇਂ ਬਦਲ ਰਿਹਾ ਹੈ ਅਤੇ ਤਕਨੀਕੀ ਵਿਦਿਆਰਥੀ ਏਆਈ ਉਪਕਰਣਾਂ ਦਾ ਉਪਯੋਗ ਅਪਸਕਿੱਲਿੰਗ, ਉਤਪਾਦਕਤਾ ਵਾਧੇ, ਕਰੀਅਰ ਯੋਜਨਾ, ਸੀਵੀ ਨਿਰਮਾਣ ਅਤੇ ਰੋਜ਼ਗਾਰ ਤਿਆਰੀ ਲਈ ਕਿਵੇਂ ਕਰ ਸਕਦੇ ਹਨ। ਆਈਟੀਆਈ ਅਤੇ ਪੌਲੀਟੈਕਨਿਕ ਟਰੇਡਾਂ ਨਾਲ ਸਬੰਧਿਤ ਵਿਵਹਾਰਿਕ ਐਪਲੀਕੇਸ਼ਨਾਂ, ਜਿਨ੍ਹਾਂ ਵਿੱਚ ਏਆਈ-ਸਮਰੱਥ ਡਿਜ਼ਾਈਨ, ਡਾਇਗਨੌਸਟਿਕਸ, ਆਟੋਮੇਸ਼ਨ ਸਹਾਇਤਾ, ਅਤੇ ਫੈਸਲਾ ਲੈਣ ਦੇ ਸਾਧਨ ਸ਼ਾਮਲ ਹਨ, ‘ਤੇ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਏਆਈ ਨੂੰ ਰੋਜ਼ਗਾਰ ਲਈ ਖ਼ਤਰੇ ਦੇ ਰੂਪ ਵਿੱਚ ਦੇਖਣ ਦੀ ਬਜਾਏ ਜੀਵਨ ਭਰ ਸਿੱਖਣ ਦੇ ਸਹਾਇਕ ਉਪਕਰਣ ਦੇ ਰੂਪ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਹੋਰ ਸੈਸ਼ਨਾਂ ਵਿੱਚ ਉਦਯੋਗ 4.0 ਅਤੇ 5.0, ਕਾਰਜ ਸਥਾਨ ਨੈਤਿਕਤਾ, ਪੇਸ਼ੇਵਰ ਵਿਵਹਾਰ, ਉੱਭਰਦੇ ਕੌਸ਼ਲ ਰੁਝਾਨਾਂ ਅਤੇ ਲੇਬਰ ਮਾਰਕਿਟ ਦੀਆਂ ਜ਼ਰੂਰਤਾਂ ਜਿਹੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਉਦਯੋਗ ਅਤੇ ਅਕਾਦਮਿਕ ਖੇਤਰ ਦੇ ਮਾਹਰਾਂ ਨੇ ਟੈਕਨੋਲੋਜੀ-ਸੰਚਾਲਿਤ ਵਾਤਾਵਰਣ ਵਿੱਚ ਰਵਾਇਤੀ ਟ੍ਰੇਡਸ ਦੇ ਬਦਲਦੇ ਸਰੂਪ ‘ਤੇ ਪ੍ਰਕਾਸ਼ ਪਾਉਂਦੇ ਹੋਏ ਸੰਚਾਰ ਕੌਸ਼ਲ, ਅਨੁਸ਼ਾਸਨ, ਅਨੁਕੂਲਨ ਸਮਰੱਥਾ ਅਤੇ ਨਿਰੰਤਰ ਸਿੱਖਣ ਦੇ ਮਹੱਤਵ ‘ਤੇ ਬਲ ਦਿੱਤਾ।
ਐੱਨਐੱਸਡੀਸੀ ਇੰਟਰਨੈਸ਼ਨਲ ਦੇ ਨੋਰਥ ਹੈੱਡ ਡਾ. ਰਜਤ ਭਟਨਾਗਰ ਨੇ ਐੱਸਆਈਡੀਐੱਚ (SIDH) ਪੋਰਟਲ ਦੀ ਜਾਣਕਾਰੀ ਦਿੱਤੀ ਅਤੇ ਸੁਰੱਖਿਅਤ ਅਤੇ ਕਾਨੂੰਨੀ ਵਿਦੇਸ਼ੀ ਰੋਜ਼ਗਾਰ ਦੇ ਅਵਸਰਾਂ ਦੇ ਮਾਰਗ ਦੱਸੇ, ਜਿਸ ਵਿੱਚ ਪ੍ਰਤੀਭਾਗੀਆਂ ਨੇ ਵਿਸ਼ੇਸ਼ ਰੁਚੀ ਦਿਖਾਈ।
ਸਮਾਪਤੀ ਸੈਸ਼ਨ ਵਿੱਚ ਸ਼੍ਰੀਮਤੀ ਅਨੁਰਾਧਾ ਐੱਸ. ਚਗਤੀ, ਸੀਐੱਸਐੱਸ, ਵਿਸ਼ੇਸ਼ ਸਕੱਤਰ ਵਿੱਤ-ਅਤੇ-ਯੋਜਨਾ, ਯੂਟੀ ਪ੍ਰਸ਼ਾਸਨ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਤੇਜ਼ੀ ਨਾਲ ਬਦਲਦੀ ਕਾਰਜ ਦੁਨੀਆ ਵਿੱਚ ਮਾਨਵੀ ਦ੍ਰਿਸ਼ਟੀਕੋਣ ਦੇ ਨਾਲ ਲੀਡਰਸ਼ਿਪ ਦੀ ਜ਼ਰੂਰਤ ‘ਤੇ ਬਲ ਦਿੱਤਾ।
ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ ਅਤੇ ਇਹ ਟ੍ਰੇਨਿੰਗ ਸੰਸਥਾਵਾਂ, ਉਦਯੋਗ ਦੀਆਂ ਉਮੀਦਾਂ ਅਤੇ ਭਵਿੱਖ ਦੇ ਰੋਜ਼ਗਾਰ ਅਵਸਰਾਂ ਦੇ ਦਰਮਿਆਨ ਪੁਲ਼ ਸਥਾਪਿਤ ਕਰਨ ਦਾ ਮਹੱਤਵਪੂਰਨ ਮੰਚ ਸਿੱਧ ਹੋਇਆ।