ਅਮਰੀਕਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿੱਚ ‘ਟਾਰਗੇਟ’ ਕੰਪਨੀ ਦੇ ਇੱਕ ਸਟੋਰ ਦੇ ਪਾਰਕਿੰਗ ਏਰੀਆ ਵਿੱਚ ਇੱਕ ਬੰਦੂਕਧਾਰੀ ਵਲੋਂ ਧੜਾਧੜ ਗੋਲੀਆਂ ਚਲਾਈਆਂ ਗਈਆਂ। ਇਸ ਫਾਇਰਿੰਗ ਦੌਰਾਨ ਦੋ ਬਾਲਗਾਂ ਅਤੇ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇੱਕ ਚੋਰੀ ਹੋਈ ਕਾਰ ਵਿੱਚ ਫ਼ਰਾਰ ਹੋ ਗਿਆ ਸੀ ਪਰ ਪੁਲਸ ਨੇ ਆਖਰਕਾਰ ਉਸਨੂੰ ਫੜ ਲਿਆ।
ਇਸ ਸਬੰਧ ਵਿਚ ਆਸਟਿਨ ਪੁਲਸ ਮੁਖੀ ਲੀਜ਼ਾ ਡੇਵਿਸ ਨੇ ਕਿਹਾ ਕਿ ਸ਼ੱਕੀ 30 ਸਾਲਾਂ ਦਾ ਇੱਕ ਵਿਅਕਤੀ ਹੈ, ਜਿਸਦਾ “ਮਾਨਸਿਕ ਬੀਮਾਰੀ ਦਾ ਇਤਿਹਾਸ” ਹੈ। ਪੁਲਸ ਅਜੇ ਵੀ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡੇਵਿਸ ਦੇ ਅਨੁਸਾਰ ਦੋਸ਼ੀ ਪਹਿਲਾਂ ਇੱਕ ਚੋਰੀ ਹੋਈ ਕਾਰ ਵਿੱਚ ਮੌਕੇ ਤੋਂ ਭੱਜ ਗਿਆ ਪਰ ਉਹ ਕਾਰ ਹਾਦਸਾਗ੍ਰਸਤ ਹੋ ਗਈ। ਇਸ ਤੋਂ ਬਾਅਦ ਉਸਨੇ ਇੱਕ ਹੋਰ ਕਾਰ ਚੋਰੀ ਕਰ ਲਈ। ਉਸਨੂੰ ਦੱਖਣੀ ਆਸਟਿਨ ਵਿੱਚ ਲਗਭਗ 30 ਕਿਲੋਮੀਟਰ ਦੂਰ ਫੜਿਆ ਗਿਆ।
ਦੱਸ ਦੇਈਏ ਕਿ ਪੁਲਸ ਨੂੰ ਦੁਪਹਿਰ 2:15 ਵਜੇ ਦੇ ਕਰੀਬ ਇਸ ਘਟਨਾ ਦੀ ਸੂਚਨਾ ਮਿਲੀ ਸੀ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਹਨਾਂ ਨੂੰ ਸਟੋਰ ਦੇ ਪਾਰਕਿੰਗ ਖੇਤਰ ਵਿੱਚ ਤਿੰਨ ਲੋਕ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ਵਿਚ ਮਿਲੇ। ਡੇਵਿਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਆਦਮੀ ਉਹੀ ਵਿਅਕਤੀ ਸੀ, ਜਿਸਦੀ ਕਾਰ ਪਾਰਕਿੰਗ ਏਰੀਆ ਤੋਂ ਚੋਰੀ ਹੋ ਗਈ ਸੀ। ‘ਔਸਟਿਨ-ਟ੍ਰੈਵਿਸ ਕਾਉਂਟੀ ਐਮਰਜੈਂਸੀ ਮੈਡੀਕਲ ਸਰਵਿਸਿਜ਼’ ਦੇ ਅਨੁਸਾਰ ਇੱਕ ਬਾਲਗ ਅਤੇ ਇੱਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਬਾਲਗ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਗੋਲੀਬਾਰੀ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਮਿਸ਼ੀਗਨ ਵਿੱਚ ਇੱਕ ਵਾਲਮਾਰਟ ਸਟੋਰ ‘ਤੇ ਵੀ ਅਜਿਹਾ ਹੀ ਹਮਲਾ ਹੋਇਆ ਸੀ।