ਦੇਰ ਰਾਤ ਤੋਂ ਪੀਸੀਆਰ ਡਿਊਟੀ ਤੇ ਤੈਨਾਤ ਸੀ ਮ੍ਰਿਤਕ ਹੌਲਦਾਰ ਬਲਤੇਜ ਸਿੰਘ
Faridkot incident ;- ਫਰੀਦਕੋਟ ਵਿਚ ਡਿਊਟੀ ਤੇ ਤੈਨਾਤ ਪੁਲਿਸ ਮੁਲਾਜਮ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋਣ ਦਾ ਪਤਾ ਚੱਲਿਆ । ਮ੍ਰਿਤਕ ਦੀ ਪਹਿਚਾਣ ਹੌਲਦਾਰ ਬਲਤੇਜ ਸਿੰਘ ਵਜੋਂ ਹੋਈ ਹੈ, ਜੋ ਫਰੀਦਕੋਟ ਜਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਨਾ ਸਿਟੀ ਫਰੀਦਕੋਟ ਵਿਚ ਪੀਸੀਆਰ ਪਾਰਟੀ ਵਿਚ ਹੌਲਦਾਰ ਵਜੋਂ ਤੈਨਾਤ ਸੀ।
ਗੱਲਬਾਤ ਕਰਦਿਆਂ ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੇ ਸਾਥੀ ਪੀਸੀਆਰ ਮੁਲਾਜਮ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਬਲਤੇਜ ਸਿੰਘ ਦੀ ਦੇਰ ਰਾਤ ਤੋਂ ਹੀ ਉਸ ਦੇ ਨਾਲ ਨਾਈਟ ਡਿਉਟੀ ਲੱਗੀ ਹੋਈ ਸੀ। ਅੱਜ ਸਵੇਰੇ ਜਦੋਂ ਉਹਨਾਂ ਨੂੰ ਸੂਚਨਾਂ ਮਿਲੀ ਕਿ ਤਲਵੰਂਡੀ ਪੁਲ ਨਹਿਰਾਂ ਤੇ ਕੋਈ ਕੈਂਟਰ ਨਹਿਰ ਵਿਚ ਡਿੱਗਿਆ ਹੈ ਤਾਂ ਉਹ ਦੋਹੇਂ ਜਣੇ ਘਟਨਾ ਸਥਾਨ ਤੇ ਜਾ ਰਹੇ ਸਨ ਤਾਂ ਰਾਸਤੇ ਵਿਚ ਬਲਤੇਜ ਸਿੰਘ ਨੇ ਉਸ ਨੂੰ ਕਿਹਾ ਕਿ ਮੋਟਰਸਾਇਕਲ ਰੋੋਕ ਮੈਨੂੰ ਕੁਝ ਹੋ ਰਿਹਾ। ਉਹਨਾਂ ਦੱਸਿਆ ਕਿ ਜਦੋਂ ਹੀ ਉਸ ਨੇ ਮੋਟਰਸਾਇਕਲ ਰੋਕ ਕੇ ਵੇਖਿਆ ਤਾਂ ਹੌਲਦਾਰ ਬਲਤੇਜ ਸਿੰਘ ਇਕ ਦਮ ਡਿੱਗ ਗਿਆ, ਉਹਨਾਂ ਦੱਸਿਆ ਕਿ ਮੌਕੇ ਤੇ ਉਸ ਨੇ ਸਾਥੀ ਕਰਮਚਾਰੀਆਂ ਨੂੰ ਬੁਲਾ ਕੇ ਤੇ ਕਿਸੇ ਪ੍ਰਾਈਵੇਟ ਰਾਹਗੀਰ ਦੀ ਗੱਡੀ ਰੋਕ ਉਸ ਰਾਹੀਂ ਹੌਲਦਾਰ ਬਲਤੇਜ ਸਿੰਘ ਨੂੰ ਮੈਡੀਕਲ ਹਸਪਤਾਲ ਲਿਆਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆ ਪੀਸੀਆਰ ਪਾਰਟੀ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਛੇ ਵਜੇ ਉਸ ਦੀ ਪੀਸੀਆਰ ਮੁਲਾਜਮ ਹੌਲਦਾਰ ਬਲਤੇਜ ਸਿੰਗ ਨਾਲ ਗੱਲਬਾਤ ਹੋਈ ਹੈ ਪਰ ਅਚਾਨਕ 7 ਵਜੇ ਉਸ ਨਾਲ ਇਹ ਘਟਨਾਂ ਵਾਪਰ ਗਈ ਜਿਸ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਉਹਨਾਂ ਦੱਸਿਆ ਕਿ ਮੌਤ ਸਮੇਂ ਹੌਲਦਾਰ ਬਲਤੇਜ ਸਿੰਘ ਡਿਉਟੀ ਪਰ ਤੈਨਾਤ ਸੀ ਅਤੇ ਅੰਤਿਮ ਸਾਹਾਂ ਤੱਕ ਡਿਊਟੀ ਤੇ ਹੀ ਰਿਹਾ।
ਫਿਲਾਹਲ ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪਿਆ ਜਾਵੇਗਾ।