ਰੂਹ ਕੰਬਾਊ ਹਾਦਸਾ; ਸੜਕ ‘ਤੇ ਕਾਰ ਬਣੀ ਅੱਗ ਦਾ ਗੋਲਾ, ਬਾਲ-ਬਾਲ ਬਚਿਆ ਪੂਰਾ ਪਰਿਵਾਰ
Sultanpur Lodhi car fire; ਸੁਲਤਾਨਪੁਰ ਲੋਧੀ–ਕਪੂਰਥਲਾ ਮਾਰਗ ’ਤੇ ਚੱਲਦੀ ਇੱਕ ਬਰੀਜ਼ਾ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਜਲੰਧਰ ਤੋਂ ਪਿੰਡ ਬਾਊਪੁਰ ਵਾਪਸ ਆ ਰਹੇ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ।
ਘਟਨਾ ਦੀ ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਸ ਸਮੇਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਕਾਰ ਸਵਾਰ ਬਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਬਾਊਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਵਾਪਸ ਪਰਤ ਰਹੇ ਸਨ ਕਿ ਅਚਾਨਕ ਗੱਡੀ ਦੇ ਇੰਜਣ ਵਾਲੇ ਹਿੱਸੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਗੱਡੀ ਰੋਕੀ ਅਤੇ ਸਾਰੇ ਪਰਿਵਾਰਕ ਮੈਂਬਰ ਸੁਰੱਖਿਅਤ ਤੌਰ ’ਤੇ ਬਾਹਰ ਨਿਕਲ ਆਏ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਗੱਡੀ ਨੂੰ ਅਚਾਨਕ ਅੱਗ ਲੱਗਣੀ ਸ਼ੁਰੂ ਹੋਈ ਤਾਂ ਉਨ੍ਹਾਂ ਵੱਲੋਂ ਗੱਡੀ ਵਿੱਚ ਪਿਆ ਪਾਣੀ ਵਰਤ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪ
ਰ ਉਹ ਅਸਫਲ ਰਹੇ। ਇਸ ਤੋਂ ਬਾਅਦ ਆਸ-ਪਾਸੋਂ ਮਿੱਟੀ ਇਕੱਠੀ ਕਰਕੇ ਅੱਗ ਵਿੱਚ ਸੁੱਟੀ ਗਈ ਪਰ ਕੁਝ ਵੀ ਕਾਰਗਰ ਸਾਬਤ ਨਾ ਹੋ ਸਕਿਆ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਗੱਡੀ ਵਿਚੋਂ ਅੱਗ ਦੀਆਂ ਲਪਟਾਂ ਦਸ-ਦਸ ਫੁੱਟ ਤੱਕ ਉੱਚੀਆਂ ਦਿਖਾਈ ਦੇਣ ਲੱਗੀਆਂ ਅਤੇ ਦੇਖਦੇ ਹੀ ਦੇਖਦੇ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।
ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਗੱਡੀ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਗਈ।