Uttarakhand: ਕੇਦਾਰਨਾਥ ਧਾਮ ਜਾ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਕਈ ਵਾਰ ਹਾਦਸਾਗ੍ਰਸਤ ਹੋ ਚੁੱਕੇ ਹਨ। ਇਸ ਵਾਰ, ਜਿਵੇਂ ਹੀ ਤਕਨੀਕੀ ਖਰਾਬੀ ਦਾ ਪਤਾ ਲੱਗਿਆ, ਪਾਇਲਟ ਨੇ ਤੁਰੰਤ ਹੈਲੀਕਾਪਟਰ ਨੂੰ ਸੜਕ ਦੇ ਵਿਚਕਾਰ ਉਤਾਰਿਆ।
Kedarnath Dham Helicopter Crash: ਇੱਕ ਵਾਰ ਫਿਰ ਉੱਤਰਾਖੰਡ ਦੇ ਚਾਰ ਧਾਮਾਂ ਚੋਂ ਇੱਕ ਕੇਦਾਰਨਾਥ ਧਾਮ ਵਿੱਚ ਹੈਲੀਕਾਪਟਰ ਹਾਦਸੇ ਤੋਂ ਵਾਲ-ਵਾਲ ਬਚਿਆ। ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਹ ਚੌਥਾ ਹੈਲੀਕਾਪਟਰ ਹਾਦਸਾ ਹੈ। ਇਸ ਤੋਂ ਪਹਿਲਾਂ ਵੀ ਕੇਦਾਰਨਾਥ ਹੈਲੀਪੈਡ ਨੇੜੇ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ, ਜਿਸ ਵਿੱਚ ਏਮਜ਼ ਦੇ ਦੋ ਡਾਕਟਰ ਅਤੇ ਪਾਇਲਟ ਵਾਲ-ਵਾਲ ਬਚ ਗਏ ਸੀ। ਪ੍ਰਸ਼ਾਸਨ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਯਾਤਰੀਆਂ ਨਾਲ ਬਦਾਸੂ ਤੋਂ ਕੇਦਾਰਨਾਥ ਧਾਮ ਜਾ ਰਹੇ ਹੈਲੀਕਾਪਟਰ ਨੂੰ ਰਾਸ਼ਟਰੀ ਰਾਜਮਾਰਗ ਦੇ ਵਿਚਕਾਰ ਵਾਹਨਾਂ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਫਾਟਾ ਤੇ ਬਦਾਸੂ ਵਿਚਕਾਰ ਲੈਂਡਿੰਗ ਵਿੱਚ ਹੈਲੀਕਾਪਟਰ ਨੂੰ ਨੁਕਸਾਨ ਪਹੁੰਚਿਆ, ਜਦੋਂ ਕਿ ਕੁਝ ਵਾਹਨ ਵੀ ਨੁਕਸਾਨੇ ਗਏ ਹਨ। ਹੈਲੀਕਾਪਟਰ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਸਵਾਰ ਬਾਕੀ ਸਾਰੇ 5 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਸਮੇਂ, ਹੈਲੀਕਾਪਟਰ ਕੇਦਾਰਨਾਥ ਯਾਤਰਾ ‘ਤੇ ਸੀ ਅਤੇ ਸਾਰੇ ਯਾਤਰੀ ਸ਼ਰਧਾਲੂ ਦੱਸੇ ਜਾ ਰਹੇ ਹਨ। ਲੈਂਡਿੰਗ ਤੋਂ ਤੁਰੰਤ ਬਾਅਦ, ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ।