ਚੰਡੀਗੜ੍ਹ: ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ‘ਚ ਪੰਜਾਬ ਦੇ ਸਾਬਕਾ ਡੀ.ਐੱਸ.ਪੀ. ਜਗਦੀਸ਼ ਸਿੰਘ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਮੋਹਾਲੀ ਦੀ ਅਦਾਲਤ ਨੇ ਉਕਤ ਕੇਸ ਦੇ ਦੋਸ਼ੀਆਂ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਸਜ਼ਾ ਸੁਣਾਈ ਸੀ।
ਜਾਣਕਰੀ ਅਨੁਸਾਰ ਜਗਦੀਸ਼ ਸਿੰਘ ਭੋਲਾ ਨੂੰ ਤਿੰਨੋਂ ਮਾਮਲਿਆਂ ‘ਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇੱਕ ਮਨੀ ਲਾਂਡਰਿੰਗ ਦਾ ਮਾਮਲਾ ਅਤੇ ਦੋ ਐਨਡੀਪੀਐਸ ਐਕਟ ਨਾਲ ਸਬੰਧਿਤ ਮਾਮਲਾ ਸੀ। ਦੱਸਣਯੋਗ ਹੈ ਕਿ ਜਗਦੀਸ਼ ਸਿੰਘ ਭੋਲਾ ਵਿਰੁੱਧ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ 2 ਹੋਰ ਐਫਆਈਆਰਜ਼ ਵਿੱਚ ਉਸਨੂੰ ਪਹਿਲਾਂ ਹੀ 2019 ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ।
ਦੱਸ ਦੇਈਏ ਕਿ ਜਗਦੀਸ਼ ਸਿੰਘ ਭੋਲਾ ਅੰਤਰਰਾਸ਼ਟਰੀ ਪਹਿਲਵਾਨ ਸੀ ਅਤੇ ਪੰਜਾਬ ਸਰਕਾਰ ਨੇ ਉਸ ਨੂੰ ਪੁਲਸ ‘ਚ ਡੀ.ਐੱਸ.ਪੀ. ਦੀ ਨੌਕਰੀ ਦਿੱਤੀ ਸੀ ਪਰ ਫਿਰ ਡਰੱਗ ਤਸਕਰੀ ਦੇ ਦੋਸ਼ਾਂ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ।