ਹੋਲਾ ਮਹੱਲਾ ਦਾ ਖਾਲਸਈ ਜਾਹੋ-ਜਲਾਲ ਸ਼ੁਰੂ, ਸ੍ਰੀ ਆਨੰਦਪੁਰ ਸਾਹਿਬ ਵਿੱਚ ਰੌਣਕਾਂ ਚਰਮ ‘ਤੇ
Latest News ਖਾਲਸਾ ਪੰਥ ਦੇ ਪ੍ਰਸਿੱਧ ਤਿਉਹਾਰ ‘ਹੋਲਾ ਮਹੱਲਾ’ ਦੇ ਦੂਜੇ ਪੜਾਅ ਦੀ ਅੱਜ ਧਾਰਮਿਕ ਰਸਮਾਂ ਨਾਲ ਸ਼ੁਰੂਆਤ ਹੋ ਗਈ। ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਵੇਰੇ ਤੋਂ ਹੀ ਸੰਗਤਾਂ ਦਾ ਰੁਖ ਬਣਿਆ ਹੋਇਆ ਹੈ ਅਤੇ ਸ਼ਹਿਰ ਖਾਲਸਈ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ।
ਚੱਕ ਹੋਲਗੜ੍ਹ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਵੱਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਸੰਤਾਂ-ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਨਿਰਮਲ ਭੇਖ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ।
ਬੈਂਡ ਵਾਜਿਆਂ ਦੀਆਂ ਮਧੁਰ ਧੁੰਨਾਂ ਅਤੇ ਸੰਗਤਾਂ ਦੇ ਉਤਸ਼ਾਹ ਦਰਮਿਆਨ ਇਹ ਨਗਰ ਕੀਰਤਨ ਸ਼ਹਿਰ ਦੇ ਅਗੰਮਪੁਰ ਚੌਕ, ਮੇਨ ਰੋਡ, ਬੱਸ ਸਟੈਂਡ, ਰੇਲਵੇ ਸਟੇਸ਼ਨ, ਨਵੀਂ ਆਬਾਦੀ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਸਮੇਤ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਸੰਪੰਨ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਨਿਰਮਲ ਦੁਆਬਾ ਮੰਡਲ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸੁੰਦਰ ਪਾਲਕੀ ਸਾਹਿਬ ’ਤੇ ਸੰਗਤਾਂ ਵੱਲੋਂ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਦਿੱਤੇ। ਹੋਲਾ ਮਹੱਲਾ ਦੇ ਇਸ ਪਵਿੱਤਰ ਮੌਕੇ ’ਤੇ ਸਾਰਾ ਸ਼ਹਿਰ ਖਾਲਸਈ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ।
ਸ੍ਰੀ ਕੇਸਗੜ ਸਾਹਿਬ ‘ਚ ਆਰੰਭਤਾ ਦੀ ਅਰਦਾਸ
ਅੱਜ ਸਵੇਰੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਅੰਤਰਿੰਗ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਮੈਂਬਰ ਜਰਨੈਲ ਸਿੰਘ ਔਲਖ, ਕੌਮਾਂਤਰੀ ਸਿੱਖ ਪ੍ਰਚਾਰਕ ਬਲਵੀਰ ਸਿੰਘ ਚੰਗਿਆੜਾ ਸਾਬਕਾ, ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਹੈਪੀ, ਅਕਾਲੀ ਦਲ ਦੇ ਆਗੂ ਸਹਿਬਾਨ, ਤਖ਼ਤ ਸਾਹਿਬ ਦੇ ਹਜੂਰੀ ਰਾਗੀ ਜੱਥਿਆ ਸਮੇਤ ਤਖ਼ਤ ਸਾਹਿਬ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਇਸ ਪਵਿੱਤਰ ਧਰਤੀ ਤੇ ਆਈ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਸ ਪਵਿੱਤਰ ਧਰਤੀ ਤੋਂ ਪ੍ਰਣ ਕਰਕੇ ਜਾਈਏ ਕਿ ਅਸੀਂ ਗੁਰੂ ਸਾਹਿਬ ਦੇ ਬਚਨਾਂ ’ਤੇ ਪੂਰਾ ਉਤਰਦੇ ਹੋਏ ਅੰਮ੍ਰਿਤ ਦੀ ਦਾਤ ਛੱਕ ਕੇ ਗੁਰੂ ਵਾਲੇ ਬਣਨਾ ਤਾਂ ਹੀ ਸਾਡਾ ਇਸ ਦੁਨੀਆ ਤੇ ਆਉਣਾ ਸਫ਼ਲਾ ਹੋਵੇਗਾ।