Busan Airport: ਦੱਖਣੀ ਕੋਰੀਆ ਦੇ ਗਿਮਹਾਏ ਹਵਾਈ ਅੱਡੇ ‘ਤੇ ਏਅਰ ਬੁਸਾਨ ਦੇ ਜਹਾਜ਼ ਨੂੰ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Air Busan aircraft Fire: ਦੇਰ ਰਾਤ ਦੱਖਣੀ ਕੋਰੀਆ ਦੇ ਗਿਮਹਾਏ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਯਾਤਰੀ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਸਵਾਰ 176 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਨ੍ਹਾਂ ਵਿੱਚ 169 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸ਼ਾਮਲ ਸੀ।
ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਾਦਸੇ ‘ਚ ਤਿੰਨ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ ਪਰ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ। ਦੱਖਣੀ ਕੋਰੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਦੱਖਣੀ-ਪੂਰਬੀ ਸ਼ਹਿਰ ਬੁਸਾਨ ਤੋਂ ਹਾਂਗਕਾਂਗ ਜਾ ਰਹੀ ਏਅਰ ਬੁਸਾਨ ਦੀ ਉਡਾਣ ਨਾਲ ਵਾਪਰੀ। ਅੱਗ ਸਥਾਨਕ ਸਮੇਂ ਅਨੁਸਾਰ ਰਾਤ 10:15 ਵਜੇ (1315 GMT) ਟੇਕਆਫ ਤੋਂ ਪਹਿਲਾਂ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਸਮੇਂ ਸਿਰ ਅੱਗ ਪੂਰੀ ਤਰ੍ਹਾਂ ਬੁਝ ਗਈ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ
ਗਿਮਹਾਏ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਾਜ਼ਾ ਘਟਨਾ ਦੱਖਣੀ ਕੋਰੀਆ ਵਿੱਚ ਹਵਾਬਾਜ਼ੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਰਹੀ ਹੈ, ਹਾਲਾਂਕਿ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਣ ਨਾਲ ਇੱਕ ਸੰਭਾਵੀ ਤਬਾਹੀ ਨੂੰ ਟਾਲ ਦਿੱਤਾ ਗਿਆ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਨਾਲ ਸਬੰਧਤ ਘਟਨਾਵਾਂ
ਇਹ ਘਟਨਾ 29 ਦਸੰਬਰ ਦੀ ਘਟਨਾ ਤੋਂ ਬਾਅਦ ਵਾਪਰੀ ਜਿਸ ‘ਚ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜੇਜੂ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 181 ਲੋਕਾਂ ਦੀ ਮੌਤ ਹੋ ਗਈ ਸੀ। ਉਸ ਹਾਦਸੇ ਵਿੱਚ, ਇੱਕ ਬੋਇੰਗ 737-800 ਜਹਾਜ਼ ਦਾ ਲੈਂਡਿੰਗ ਗੇਅਰ ਖੁੱਲ੍ਹਣ ਵਿੱਚ ਅਸਫਲ ਰਿਹਾ, ਜਿਸ ਕਾਰਨ ਜਹਾਜ਼ ਰਨਵੇ ਤੋਂ ਫਿਸਲ ਗਿਆ, ਕੰਧ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਦੱਖਣੀ ਕੋਰੀਆ ਦੇ ਨਾਗਰਿਕ ਸਨ, ਜਦਕਿ ਦੋ ਥਾਈ ਨਾਗਰਿਕ ਵੀ ਪੀੜਤਾਂ ਵਿਚ ਸ਼ਾਮਲ ਸਨ। ਬਾਅਦ ਵਿੱਚ ਜਾਰੀ ਕੀਤੀ ਗਈ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਜਹਾਜ਼ ਦੇ ਇੰਜਣ ਵਿੱਚ ਪੰਛੀਆਂ ਦੇ ਟਕਰਾਉਣ ਦੇ ਨਿਸ਼ਾਨ ਮਿਲੇ ਹਨ।