ਦੋ ਦਿਨਾਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ : ਬਲਜੀਤ ਸਿੰਘ ਭੁੱਟਾ
Punjab mandi wheat purchase issue; ਪੰਜਾਬ ਸਰਕਾਰ ਵੱਲੋਂ ਭਾਵੇਂ ਕਣਕ ਦੀ ਖਰੀਦ ਇੱਕ ਅਪ੍ਰੈਲ ਤੋਂ ਰਸਮੀ ਤੌਰ ਤੇ ਸ਼ੁਰੂਆਤ ਕਰਨ ਦੇ ਐਲਾਨ ਕੀਤੇ ਗਏ ਸਨ, ਪਰੰਤੂ ਜਮੀਨੀ ਪੱਧਰ ਤੇ ਹਕੀਕਤ ਕੁਝ ਹੋਰ ਦਿਖਾਈ ਦੇ ਰਹੀ ਹੈ, ਜਿਸ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ ਹਲਕੇ ਦੀਆਂ ਵੱਖੋ ਵੱਖ ਮੰਡੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਮੰਡੀਆਂ ਵਿੱਚ ਆਪਣੀ ਕਣਕ ਵੇਚਣ ਲਈ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਜਾਣੀਆ ।
ਇਸ ਮੌਕੇ ਤੇ ਕਿਸਾਨਾਂ ਅਤੇ ਆੜਤੀਆਂ ਨੇ ਕਿਹਾ ਕਿ ਉਹਨਾਂ ਨੂੰ ਬਾਰਦਾਨੇ ਦੀ ਕਾਫੀ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਫਟੀਆਂ ਪੁਰਾਣੀਆਂ ਬੋਰੀਆਂ ਕਣਕ ਭਰਨ ਲਈ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਮੰਡੀ ਵਿੱਚ ਕਣਕ ਦੀ ਫਸਲ ਵੇਚਣ ਆਏ ਕਿਸਾਨ ਨੇ ਕਿਹਾ ਕਿ ਉਹ ਪਿਛਲੇ ਲਗਭਗ ਇੱਕ ਹਫਤੇ ਤੋਂ ਮੰਡੀ ਵਿੱਚ ਬੈਠੇ ਹਨ ਪਰੰਤੂ ਅਜੇ ਤੱਕ ਉਹਨਾਂ ਦੀ ਫਸਲ ਦੀ ਬੋਲੀ ਤੱਕ ਨਹੀਂ ਹੋਈ ਜਦੋਂ ਕਿ ਮੌਸਮ ਖਰਾਬ ਰਹਿਣ ਕਾਰਨ ਉਹਨਾਂ ਨੂੰ ਆਪਣੀ ਫਸਲ ਰਾਤ ਨੂੰ ਢੱਕ ਕੇ ਜਾਣੀ ਪੈਂਦੀ ਹੈ ਤੇ ਸਵੇਰੇ ਆ ਕੇ ਫਿਰ ਫਰੋਲਣੀ ਪੈਂਦੀ ਹੈ ਜਿਸ ਕਾਰਨ ਉਹਨਾਂ ਨੂੰ ਵਿਤੀ ਤੌਰ ਤੇ ਵੀ ਕਾਫੀ ਨੁਕਸਾਨ ਹੋ ਰਿਹਾ ਹੈ।
ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ।