IND vs NZ Champions Trophy 2025: ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ। ਭਾਰਤ ਗਰੁੱਪ ਏ ‘ਚ ਅਜੇਤੂ ਰਿਹਾ ਅਤੇ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਿਆ।
India vs New Zealand match: ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਇਹ ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ ਪੜਾਅ ਦਾ ਆਖਰੀ ਮੈਚ ਸੀ। ਦੁਬਈ ‘ਚ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ 249 ਦੌੜਾਂ ਬਣਾਈਆਂ, ਜਿਸ ‘ਚ ਸ਼੍ਰੇਅਸ ਅਈਅਰ ਦੀ 79 ਦੌੜਾਂ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ। ਉਧਰ ਨਿਊਜ਼ੀਲੈਂਡ ਦੀ ਟੀਮ ਚੋਂ ਕੇਨ ਵਿਲੀਅਮਸਨ ਨੇ 81 ਦੌੜਾਂ ਦੀ ਪਾਰੀ ਖੇਡੀ, ਪਰ ਆਪਣੀ ਟੀਮ ਦੀ ਜਿੱਤ ਯਕੀਨੀ ਨਹੀਂ ਬਣਾ ਸਕੇ।
ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਸਤੇ ‘ਚ ਆਊਟ ਹੋ ਗਏ। ਵਿਰਾਟ ਕੋਹਲੀ ਦੇ ਕਰੀਅਰ ਦਾ ਇਹ 300ਵਾਂ ਵਨਡੇ ਮੈਚ ਸੀ, ਜਿਸ ‘ਚ ਉਹ ਸ਼ਾਨਦਾਰ ਅੰਦਾਜ਼ ‘ਚ ਨਜ਼ਰ ਆਏ। ਪਰ ਗਲੇਨ ਫਿਲਿਪਸ ਨੇ ਅਜਿਹਾ ਜਾਦੂਈ ਕੈਚ ਲਿਆ ਕਿ ਮੈਦਾਨ ‘ਚ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਵਿਰਾਟ ਨੇ 11 ਦੌੜਾਂ ਬਣਾਈਆਂ। ਪਰ ਸੰਕਟ ਦੀ ਸਥਿਤੀ ‘ਚ ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਨੇ ਟੀਮ ਇੰਡੀਆ ਦੀ ਕਮਾਨ ਸੰਭਾਲੀ, ਜਿਨ੍ਹਾਂ ਵਿਚਾਲੇ 98 ਦੌੜਾਂ ਦੀ ਸਾਂਝੇਦਾਰੀ ਹੋਈ। ਅਈਅਰ ਨੇ 79 ਦੌੜਾਂ ਬਣਾਈਆਂ, ਜਦਕਿ ਅਕਸ਼ਰ ਪਟੇਲ ਨੇ 42 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਪੰਡਿਯਾ ਨੇ ਵੀ 45 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 249 ਦੇ ਸਕੋਰ ਤੱਕ ਪਹੁੰਚਾਇਆ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ ਚਾਰ ਸਪਿਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਨਾਲ ਮੈਚ ਵਿੱਚ ਐਂਟਰੀ ਕੀਤੀ। ਭਾਰਤੀ ਟੀਮ ਨੂੰ ਚਾਰ ਸਪਿਨਰਾਂ ਦੀ ਫੀਲਡਿੰਗ ਦਾ ਫਾਇਦਾ ਮਿਲਿਆ ਕਿਉਂਕਿ ਨਿਊਜ਼ੀਲੈਂਡ ਦੇ ਸਪਿਨਰਾਂ ਨੇ ਨੌਂ ਵਿਕਟਾਂ ਲਈਆਂ। ਭਾਰਤ ਵੱਲੋਂ ਮੁਹੰਮਦ ਸ਼ਮੀ ਇਕੱਲੇ ਅਜਿਹੇ ਗੇਂਦਬਾਜ਼ ਸੀ ਜੋ ਖਾਲੀ ਹੱਥ ਰਹੇ। ਹਾਲਾਂਕਿ ਇਸ ਮੈਚ ‘ਚ ਉਨ੍ਹਾਂ ਨੇ ਸਿਰਫ ਚਾਰ ਓਵਰ ਹੀ ਗੇਂਦਬਾਜ਼ੀ ਕੀਤੀ।
ਵਿਲੀਅਮਸਨ ਤੋਂ ਇਲਾਵਾ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਕੀਵੀ ਟੀਮ ਲਈ ਕਪਤਾਨ ਮਿਸ਼ੇਲ ਸੈਂਟਨਰ ਨੇ 28, ਟਾਮ ਲੈਥਮ ਨੇ 14, ਡੇਰਿਲ ਮਿਸ਼ੇਲ ਨੇ 17, ਵਿਲ ਯੰਗ ਨੇ 22, ਰਚਿਨ ਰਵਿੰਦਰਾ ਨੇ 6, ਗਲੇਨ ਫਿਲਿਪਸ ਨੇ 12 ਅਤੇ ਮੈਟ ਹੈਨਰੀ ਨੇ 2 ਦੌੜਾਂ ਬਣਾਈਆਂ। ਕਾਇਲ ਜੈਮੀਸਨ ਨੌਂ ਦੌੜਾਂ ਬਣਾ ਕੇ ਨਾਬਾਦ ਪਰਤੇ।
ਵਰੁਣ ਚੱਕਰਵਰਤੀ ਨੇ ਮੈਚ ‘ਚ ਕੀਤਾ ਕਮਾਲ
ਭਾਰਤ ਦੀ ਜਿੱਤ ‘ਚ ਸਭ ਤੋਂ ਵੱਡਾ ਯੋਗਦਾਨ ਸ਼੍ਰੇਅਸ ਅਈਅਰ ਅਤੇ ਵਰੁਣ ਚੱਕਰਵਰਤੀ ਦਾ ਰਿਹਾ। ਪਹਿਲਾਂ ਸ਼੍ਰੇਅਸ ਅਈਅਰ ਨੇ ਦੁਬਈ ਦੀ ਧੀਮੀ ਪਿੱਚ ‘ਤੇ 79 ਦੌੜਾਂ ਦੀ ਪਾਰੀ ਖੇਡੀ। ਜਦਕਿ ਗੇਂਦਬਾਜ਼ੀ ‘ਚ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲੈ ਕੇ ਕੀਵੀਆਂ ਨੂੰ ਕਾਫੀ ਪਰੇਸ਼ਾਨ ਕੀਤਾ। ਇਹ ਚੱਕਰਵਰਤੀ ਦਾ ਚੈਂਪੀਅਨਜ਼ ਟਰਾਫੀ ਦਾ ਡੈਬਿਊ ਮੈਚ ਸੀ, ਜਿਸ ‘ਚ ਉਨ੍ਹਾਂ ਨੇ ਵਿਕਟ ਲੈ ਕੇ ਇਤਿਹਾਸ ਰਚਿਆ। ਵਰੁਣ ਚੈਂਪੀਅਨਜ਼ ਡੈਬਿਊ ਮੈਚ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ।
ਸੈਮੀਫਾਈਨਲ ‘ਚ ਸਾਡਾ ਸਾਹਮਣਾ ਕਿਸ ਨਾਲ ਹੋਵੇਗਾ?
ਭਾਰਤੀ ਟੀਮ ਨੇ ਆਪਣੇ ਤਿੰਨੋਂ ਮੈਚ ਜਿੱਤ ਕੇ ਚੈਂਪੀਅਨਜ਼ ਟਰਾਫੀ ਦੇ ਗਰੁੱਪ-ਏ ਵਿੱਚ ਸਿਖਰ ’ਤੇ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਪਾਕਿਸਤਾਨ ਦੋਵਾਂ ਨੂੰ 6-6 ਵਿਕਟਾਂ ਦੇ ਫਰਕ ਨਾਲ ਹਰਾਇਆ ਸੀ। ਹੁਣ ਨਿਊਜ਼ੀਲੈਂਡ ਨੂੰ ਵੀ 44 ਦੌੜਾਂ ਨਾਲ ਹਾਰ ਮਿਲੀ ਹੈ। ਚੈਂਪੀਅਨਸ ਟਰਾਫੀ 2025 ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਦੁਬਈ ਕ੍ਰਿਕਟ ਗਰਾਊਂਡ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਬਣੀ। ਚੈਂਪੀਅਨਸ ਟਰਾਫੀ ਵਿੱਚ ਸੈਮੀਫਾਈਨਲ ਦਾ ਸਮੀਕਰਨ ਅਜਿਹਾ ਸੀ ਕਿ ਗਰੁੱਪ ਏ ਵਿੱਚ ਟਾਪ ਕਰਨ ਵਾਲੀ ਟੀਮ ਦਾ ਸਾਹਮਣਾ ਗਰੁੱਪ ਬੀ ਵਿੱਚ ਦੂਜੇ ਸਥਾਨ ਉੱਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਹੁਣ ਦੋਵਾਂ ਗਰੁੱਪਾਂ ਨੂੰ ਦੇਖਦੇ ਹੋਏ ਭਾਰਤ 4 ਮਾਰਚ ਨੂੰ ਪਹਿਲੇ ਸੈਮੀਫਾਈਨਲ ਮੈਚ ‘ਚ ਆਸਟ੍ਰੇਲਿਆ ਨਾਲ ਦੁਬਈ ‘ਚ ਭਿੜੇਗਾ।