ਪਹਿਲਗਾਮ ਅਤਿਵਾਦੀ ਹਮਲੇ ਤੇ ਅਪਰੇਸ਼ਨ ਸਿੰਧੂਰ’ ਤੋਂ ਬਾਅਦ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਪਹਿਲੀ ਮੀਟਿੰਗ ਭਲਕੇ 3 ਜੂਨ ਨੂੰ ਕੌਮੀ ਰਾਜਧਾਨੀ ‘ਚ ਹੋਵੇਗੀ ਜਿਸ ‘ਚ ਹਮਲੇ ਤੇ ਉਸ ਤੋਂ ਬਾਅਦ ਦੀ ਸਥਿਤੀ ‘ਤੇ ਚਰਚਾ ਲਈ ਵਿਸ਼ੇਸ਼ ਸੰਸਦੀ ਸੈਸ਼ਨ ਲਈ : ਸਰਕਾਰ ਦੇ ਸਾਹਮਣੇ ਸਾਂਝੀ ਅਪੀਲ ਪੇਸ਼ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ, ਟੀਐੱਮਸੀ, ਆਰਜੇਡੀ, ਡੀਐਮਕੇ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਮੀਟਿੰਗ ‘ਚ ਸ਼ਾਮਲ ਹੋਣਗੀਆਂ।
ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਉਨ੍ਹਾਂ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਮਗਰੋਂ ਬਿਨਾਂ ਸ਼ਰਤ ਸਰਕਾਰ ਦੀ ਹਮਾਇਤ ਕੀਤੀ ਸੀ। ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ, ਅਸੀਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਖ਼ਿਲਾਫ਼ ਸਰਕਾਰ ਦੀ ਬਿਨਾਂ ਸ਼ਰਤ ਹਮਾਇਤ ਕੀਤੀ ਹੈ। ਉਹ ਦੇਸ਼ ਦੀ ਬਿਹਤਰੀ ਲਈ ਉਸਾਰੂ ਚਰਚਾ ਚਾਹੁੰਦੇ ਹਨ ਨਾ ਕਿ ਸਿਆਸੀ ਲਾਹੇ ਲਈ।” ਇਸ ਤੋਂ ਪਹਿਲਾਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਟੀਐਮਸੀ ਦਾ ਵਫ਼ਦ ਜੰਮੂ ਕਸ਼ਮੀਰ ਦੇ ਪੁਣਛ ਤੇ ਰਾਜੌਰੀ ਦਾ ਦੌਰਾ ਕਰ ਚੁੱਕੇ ਹਨ।
ਪਾਕਿਸਤਾਨੀ ਗੋਲੀਬਾਰੀ ਦੌਰਾਨ ਇਨ੍ਹਾਂ ਦੇ ਸਰਹੱਦੀ ਇਲਾਕਿਆਂ ‘ਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਪਿਛਲੇ ਮਹੀਨੇ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ‘ਚ ਆਪਣੀ ਸੰਸਦੀ ਪਾਰਟੀ ਦੀ ਮੀਟਿੰਗ ‘ਚ ਹਿੱਸਾ ਲਿਆ ਸੀ ਤੇ ਇੱਕ ਮਤਾ ਪਾਸ ਕੀਤਾ ਸੀ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੇ ਅਪਰੇਸ਼ਨ ਸਿੰਧੂਰ ਦੇ ਮਦੇਨਜ਼ਰ ਅਤਿਵਾਦ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਵੀ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਸੀ।