ਮੀਂਹ ਦੀ ਤਬਾਹੀ ਦੇ ਮੱਦੇਨਜ਼ਰ ਭਾਰਤ ਦੀ ਪਾਕਿਸਤਾਨ ਨੂੰ ਚਿਤਾਵਨੀ, PAK ਪੰਜਾਬ ‘ਚ ਹੜ੍ਹ ਦਾ ਮੰਡਰਾਇਆ ਡਰ, ਅਲਰਟ ਜਾਰੀ
Flood Alert India warning to Pakistan: ਭਾਰਤ ਨੇ ਪਾਕਿਸਤਾਨ ਨੂੰ ਹੜ੍ਹਾਂ ਬਾਰੇ ਚਿਤਾਵਨੀ ਦਿੱਤੀ ਹੈ, ਤਾਂ ਜੋ ਉਹ ਆਪਣੇ ਲੋਕਾਂ ਨੂੰ ਤਬਾਹੀ ਤੋਂ ਬਚਾ ਸਕੇ। ਹਾਲਾਂਕਿ ਪਾਕਿਸਤਾਨ ਭਾਰਤ ਦੇ ਇਸ ਕਦਮ ਨੂੰ ਕੂਟਨੀਤਕ ਕਦਮ ਵਜੋਂ ਵਰਤ ਰਿਹਾ ਹੈ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ। ਪਰ ਇਹ ਵੀ ਦਾਅਵਾ ਕੀਤਾ ਕਿ ਭਾਰਤ ਨੇ ਸਿੰਧੂ ਜਲ ਸੰਧੀ (IWT) ਦੇ ਤਹਿਤ ਇਹ ਚਿਤਾਵਨੀ ਦਿੱਤੀ ਸੀ। ਜਦੋਂ ਕਿ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਹੀ ਸਿੰਧੂ ਜਲ ਸੰਧੀ ਨੂੰ ਰੱਦ ਕਰ ਦਿੱਤਾ ਸੀ।
ਭਾਰਤ ਦੀ ਚਿਤਾਵਨੀ ਕਾਰਨ ਹੋਇਆ ਬਚਾਅ
ਸੂਤਰਾਂ ਅਨੁਸਾਰ ਪਾਕਿਸਤਾਨੀ ਮੀਡੀਆ ਨੇ ਰਿਪੋਰਟ ਦਿੱਤੀ ਕਿ 24 ਅਗਸਤ ਦੀ ਸਵੇਰ ਨੂੰ ਭਾਰਤੀ ਹਾਈ ਕਮਿਸ਼ਨ ਨੇ ਇਸਲਾਮਾਬਾਦ ਨੂੰ ਸੁਚੇਤ ਕੀਤਾ ਕਿ ਜੰਮੂ ਦੀ ਤਵੀ ਨਦੀ ਵਿਚ ਭਾਰੀ ਹੜ੍ਹ ਦਾ ਖ਼ਤਰਾ ਹੈ। ਭਾਰਤ ਤੋਂ ਮਿਲੀ ਇਸ ਚਿਤਾਵਨੀ ਦੇ ਆਧਾਰ ਉਤੇ ਪਾਕਿਸਤਾਨੀ ਅਧਿਕਾਰੀਆਂ ਨੇ ਤੁਰੰਤ ਚਿਤਾਵਨੀ ਜਾਰੀ ਕੀਤੀ। ਮਈ ਵਿੱਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇਹ ਪਹਿਲੀ ਵੱਡੀ ਗੱਲਬਾਤ ਮੰਨੀ ਜਾਂਦੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।
ਪਾਕਿਸਤਾਨ ਕੂਟਨੀਤਕ ਚਾਲ ਖੇਡ ਰਿਹੈ
ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਤੋਂ ਪਾਕਿਸਤਾਨ ਦੀ ਸਿੰਧੂ ਘਾਟੀ ਵਿਚ ਵਗਦੀਆਂ ਨਦੀਆਂ ਦੇ ਪਾਣੀ ਦੀ ਵੰਡ ਦਾ ਕੰਟਰੋਲ ਹੁੰਦਾ ਹੈ। ਇਸ ਸੰਧੀ ਦੇ ਤਹਿਤ ਭਾਰਤ ਨੂੰ ਤਿੰਨ ਪੂਰਬੀ ਨਦੀਆਂ – ਸਤਲੁਜ, ਬਿਆਸ ਅਤੇ ਰਾਵੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ, ਜਦੋਂ ਕਿ ਪਾਕਿਸਤਾਨ ਸਿੰਧੂ, ਜੇਹਲਮ ਅਤੇ ਚਨਾਬ ਨਦੀਆਂ ਦੀ ਵਰਤੋਂ ਕਰਦਾ ਹੈ। ਤਿੰਨ ਯੁੱਧਾਂ ਅਤੇ ਕਈ ਕੂਟਨੀਤਕ ਸੰਕਟਾਂ ਦੇ ਬਾਵਜੂਦ ਇਹ ਸੰਧੀ ਕਾਇਮ ਰਹੀ ਹੈ, ਪਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਇਸ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪਾਕਿਸਤਾਨ ਉਤੇ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਹੁਣ ਭਾਰਤ ਤੋਂ ਮਿਲੀ ਚਿਤਾਵਨੀ ਨੂੰ ਸਿੰਧੂ ਜਲ ਸੰਧੀ ਦੇ ਤਹਿਤ ਕਹਿ ਰਿਹਾ ਹੈ। ਅਜਿਹਾ ਕਰਕੇ, ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਇਸ ਸੰਧੀ ਨੂੰ ਦੁਬਾਰਾ ਲਾਗੂ ਕੀਤਾ ਗਿਆ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਜੇਕਰ ਇਹ ਅਗਲੇ 48 ਘੰਟਿਆਂ ਤੱਕ ਜਾਰੀ ਰਿਹਾ ਤਾਂ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਦਾ ਰਹੇਗਾ। ਖ਼ਤਰੇ ਨੂੰ ਦੇਖਦੇ ਹੋਏ ਪਿਛਲੇ 24 ਘੰਟਿਆਂ ਵਿੱਚ ਲਗਭਗ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਛੇ ਹਫ਼ਤਿਆਂ ਵਿਚ 120 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਐਮਰਜੈਂਸੀ ਰੈਸਕਿਊ ਸਰਵਿਸ 1122 ਦੇ ਬੁਲਾਰੇ ਫਾਰੂਕ ਅਹਿਮਦ ਨੇ ਇੱਕ ਬਿਆਨ ਵਿੱਚ ਕਿਹਾ, ‘ਕਈ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਤੋਂ ਜਿਨ੍ਹਾਂ ਇਲਾਕਿਆਂ ਤੋਂ ਲਗਭਗ 20,000 ਲੋਕਾਂ ਨੂੰ ਕੱਢਿਆ ਗਿਆ ਹੈ, ਉਹ ਸਿੰਧ, ਚਨਾਬ, ਰਾਵੀ, ਸਤਲੁਜ ਅਤੇ ਜੇਹਲਮ ਨਦੀਆਂ ਦੇ ਨੇੜੇ ਹਨ।