ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਵੱਡਾ ਝਟਕਾ, ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ‘ਚ ਲਗਭਗ 75 ਫੀਸਦੀ ਗਿਰਾਵਟ
Latest News: ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਨਿਰਾਸ਼ਾ ਭਰਿਆ ਸਾਬਤ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕੀ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਕਰੀਬ 75 ਫੀਸਦੀ ਦੀ ਭਾਰੀ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਇਹ ਪਿਛਲੇ ਕਈ ਦਹਾਕਿਆਂ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਸਿੱਖਿਆ ਸਲਾਹਕਾਰਾਂ ਅਤੇ ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਅਮਰੀਕੀ ਵੀਜ਼ਾ ਨੀਤੀ ਵਿੱਚ ਸਖ਼ਤੀ ਹੈ। ਵੀਜ਼ਾ ਇੰਟਰਵਿਊ ਸਲਾਟ ਦੀ ਭਾਰੀ ਘਾਟ, ਲੰਮੀ ਤਸਦੀਕ ਪ੍ਰਕਿਰਿਆ ਅਤੇ ਅਸਵੀਕਾਰ ਦਰਾਂ ਵਿੱਚ ਅਚਾਨਕ ਵਾਧੇ ਨੇ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਕਮਜ਼ੋਰ ਕੀਤਾ ਹੈ। ਕਈ ਮਾਮਲਿਆਂ ਵਿੱਚ, ਵਿਦਿਆਰਥੀਆਂ ਨੂੰ ਸਮੇਂ ‘ਤੇ ਇੰਟਰਵਿਊ ਸਲਾਟ ਨਹੀਂ ਮਿਲ ਸਕੇ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੀ ਯੋਜਨਾ ਆਖਰੀ ਸਮੇਂ ‘ਤੇ ਮੁਲਤਵੀ ਕਰਨੀ ਪਈ।
ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ
ਸਭ ਤੋਂ ਵੱਡੀ ਗਿਰਾਵਟ ਅਗਸਤ ਤੋਂ ਅਕਤੂਬਰ ਦਰਮਿਆਨ ਦਰਜ ਕੀਤੀ ਗਈ, ਜਦੋਂ ਜ਼ਿਆਦਾਤਰ ਵਿਦਿਆਰਥੀ ਅਮਰੀਕਾ ਜਾਂਦੇ ਹਨ। ਓਵਰਸੀਜ਼ ਐਜੂਕੇਸ਼ਨ ਕੰਸਲਟੈਂਸੀਜ਼ ਮੁਤਾਬਕ ਇਸ ਸਮੇਂ ਦੌਰਾਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ ਹੈ। ਸਿਰਫ਼ ਉਹ ਵਿਦਿਆਰਥੀ ਅਮਰੀਕਾ ਪਹੁੰਚ ਸਕਦੇ ਹਨ ਜਿਨ੍ਹਾਂ ਨੇ ਫਰਵਰੀ ਜਾਂ ਮਾਰਚ ਤੱਕ ਆਪਣੀ ਅਰਜ਼ੀ ਅਤੇ ਵੀਜ਼ਾ ਪ੍ਰਕਿਰਿਆ ਪੂਰੀ ਕਰ ਲਈ ਸੀ। ਬਾਅਦ ਵਿੱਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਥਿਤੀ ਹੋਰ ਵੀ ਔਖੀ ਹੋ ਗਈ।
ਵੀਜ਼ਾ ਵੈਰੀਫਿਕੇਸ਼ਨ ਦੌਰਾਨ ਸੋਸ਼ਲ ਮੀਡੀਆ ਦੀਆਂ ਗਤੀਵਿਧੀਆਂ ਦੀ ਸਮੀਖਿਆ ਵਰਗੇ ਨਵੇਂ ਉਪਾਵਾਂ ਨੇ ਵੀ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ। ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਡਰ ਕਾਰਨ ਅਪਲਾਈ ਨਹੀਂ ਕੀਤਾ ਕਿ ਇੱਕ ਛੋਟੀ ਜਿਹੀ ਗਲਤੀ ਉਨ੍ਹਾਂ ਦਾ ਵੀਜ਼ਾ ਰੱਦ ਕਰ ਸਕਦੀ ਹੈ। ਹੈਦਰਾਬਾਦ ਸਥਿਤ ਸਿੱਖਿਆ ਸਲਾਹਕਾਰ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਤੋਂ ਬਚਿਆ ਹੈ।
8000 ਵਿਦਿਆਰਥੀ ਦੇ ਹੋਏ ਵੀਜ਼ੇ ਰੱਦ
ਸਥਿਤੀ ਉਦੋਂ ਹੋਰ ਗੰਭੀਰ ਹੋ ਗਈ ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਿਆ ਕਿ ਦਸੰਬਰ 2025 ਤੱਕ ਲਗਭਗ 8000 ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਗਏ ਸਨ। ਕੁਝ ਵਿਦਿਆਰਥੀਆਂ ਨੂੰ ਅਚਾਨਕ ਈਮੇਲ ਭੇਜ ਕੇ ਅਮਰੀਕਾ ਛੱਡਣ ਦੀ ਹਦਾਇਤ ਕੀਤੀ ਗਈ ਸੀ। ਕਈ ਮਾਮਲਿਆਂ ਵਿੱਚ ਤਾਂ ‘ਪੁਰਾਣੇ’ ਅਤੇ ਪਹਿਲਾਂ ਹੀ ਹੱਲ ਕੀਤੇ ਕੇਸਾਂ ਦੇ ਆਧਾਰ ‘ਤੇ ਕਾਰਵਾਈ ਵੀ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਕਾਨੂੰਨੀ ਦਖਲਅੰਦਾਜ਼ੀ ਰਾਹੀਂ ਹੱਲ ਕੀਤਾ ਜਾਂਦਾ ਸੀ।
ਭਾਰਤੀਆਂ ਲਈ ਵੀ ਸਥਿਤੀ ਬਣੀ ਮੁਸ਼ਕਲ
ਵਿਦਿਆਰਥੀਆਂ ਦੇ ਨਾਲ-ਨਾਲ ਕੰਮਕਾਜੀ ਭਾਰਤੀਆਂ ਲਈ ਵੀ ਸਥਿਤੀ ਆਸਾਨ ਨਹੀਂ ਸੀ। ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਫੀਸ ਵਧਾਉਣ ਅਤੇ ਇਸ ਨੂੰ ਸੀਮਤ ਕਰਨ ਵਰਗੇ ਪ੍ਰਸਤਾਵਾਂ ਨੇ ਆਈਟੀ ਸੈਕਟਰ ਨਾਲ ਜੁੜੇ ਪੇਸ਼ੇਵਰਾਂ ਦੀ ਚਿੰਤਾ ਵਧਾ ਦਿੱਤੀ ਹੈ। ਕਰੀਬ 72 ਫੀਸਦੀ ਐੱਚ-1ਬੀ ਵੀਜ਼ਾ ਧਾਰਕ ਭਾਰਤੀ ਹਨ, ਜਿਸ ਕਾਰਨ ਭਾਰਤੀ ਭਾਈਚਾਰਾ ਇਸ ਨੀਤੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।