INDIGO Flight Crises :DGCA ਨੇ CEO ਨੂੰ ਕਾਰਨ ਦੱਸੋ ਨੋਟਿਸ ਜਾਰੀ, 24 ਘੰਟਿਆਂ ਵਿੱਚ ਜਵਾਬ ਨਾ ਮਿਲਿਆ ਤਾਂ ਹੋਵੇਗੀ ਕੜੀ ਕਾਰਵਾਈ
INDIGO Flight Crises: ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇੰਡੀਗੋ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨੂੰ ਹਾਲੀਆ ਸੰਚਾਲਕੀ ਸੰਕਟ ਲਈ ਜ਼ਿੰਮੇਵਾਰ ਮੰਨਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਰੈਗੂਲੇਟਰ ਨੇ ਸੀਈਓ ਨੂੰ 24 ਘੰਟਿਆਂ ਦੇ ਅੰਦਰ ਨੋਟਿਸ ਦਾ ਲਿਖਤੀ ਜਵਾਬ ਦੇਣ ਦਾ ਹੁਕਮ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ ਤਾਂ ਏਅਰਲਾਈਨ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ।
ਇੰਡੀਗੋ ਵਿੱਚ ਕਈ ਦਿਨਾਂ ਤੋਂ ਉਡਾਣਾਂ ਰੱਦ ਹੋਣ, ਭਾਰੀ ਦੇਰੀਆਂ ਅਤੇ ਸੈਕੜਿਆਂ ਯਾਤਰੀਆਂ ਦੇ ਹਵਾਈ ਅੱਡਿਆਂ ‘ਤੇ ਫਸੇ ਰਹਿਣ ਨਾਲ ਅਫ਼ਰਾਤਫ਼ਰੀ ਵਾਪਰੀ। ਇੱਕ ਦਿਨ ਵਿੱਚ ਲਗਭਗ 1,000 ਉਡਾਣਾਂ ਰੱਦ ਕਰਨੇ ਪਏ, ਜਿਸ ਨੇ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੈਰੀਅਰ ਲਈ ਵੱਡਾ ਸੰਚਾਲਕੀ ਸੰਕਟ ਖੜ੍ਹਾ ਕਰ ਦਿੱਤਾ।
FDTL ਲਾਗੂ ਕਰਨ ਵਿੱਚ ਨਾਕਾਮੀ
ਡੀਜੀਸੀਏ ਦੇ ਅਨੁਸਾਰ, ਇੰਡੀਗੋ 1 ਨਵੰਬਰ ਤੋਂ ਲਾਗੂ ਕੀਤੀਆਂ ਸੋਧੀਆਂ ਫਲਾਈਟ ਡਿਊਟੀ ਟਾਈਮ ਲਿਮਟੇਸ਼ਨਜ਼ (FDTL) ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ। ਏਅਰਲਾਈਨ ਨੇ ਆਪਣੇ ਰੋਸਟਰ ਅਤੇ ਸਰੋਤਾਂ ਨੂੰ ਨਵੀਆਂ ਸ਼ਰਤਾਂ ਦੇ ਅਨੁਕੂਲ ਢਾਲਣ ਲਈ ਲੋੜੀਂਦੀ ਯੋਜਨਾਬੰਦੀ ਨਹੀਂ ਕੀਤੀ, ਜਿਸ ਕਾਰਨ ਪਾਇਲਟਾਂ ਦੀ ਘਾਟ, ਉਡਾਣਾਂ ਦੇ ਰੱਦ ਹੋਣ ਅਤੇ ਸੰਚਾਲਕੀ ਰੁਕਾਵਟਾਂ ਵਾਪਰੀਆਂ।
ਰੈਗੂਲੇਟਰ ਮੁਤਾਬਕ, ਇਹ ਅਸਫਲਤਾਵਾਂ Aircraft Rules, 1937 ਦੇ Rule 42A ਅਤੇ CAR Section 7, Series J, Part III ਦੀ ਉਲੰਘਣਾ ਹਨ।
ਡੀਜੀਸੀਏ ਨੇ ਕਿਹਾ ਕਿ ਇੰਡੀਗੋ ਨੇ ਫਲਾਈਟ ਰੱਦ ਹੋਣ, ਦੇਰੀ ਜਾਂ ਬੋਰਡਿੰਗ ਤੋਂ ਇਨਕਾਰ ਦੇ ਮਾਮਲਿਆਂ ਵਿੱਚ CAR ਨਿਯਮਾਂ ਅਨੁਸਾਰ ਯਾਤਰੀਆਂ ਨੂੰ ਲੋੜੀਂਦੀ ਸੂਚਨਾ, ਸਹਾਇਤਾ ਅਤੇ ਸਹੂਲਤਾਂ ਪ੍ਰਦਾਨ ਕਰਨ ਵਿੱਚ ਵੀ ਲਾਪਰਵਾਹੀ ਕੀਤੀ।
ਕੇਂਦਰ ਨੇ ਮੰਗੀ ਰਿਪੋਰਟ, ਮੰਤਰੀ ਦੀ ਐਮਰਜੈਂਸੀ ਮੀਟਿੰਗ
ਸੰਕਟ ਦੇ ਪੰਜਵੇਂ ਦਿਨ ਵੀ ਉਡਾਣਾਂ ਵਿੱਚ ਵਿਘਨ ਜਾਰੀ ਰਹੇ, ਜਿਸ ਤੋਂ ਬਾਅਦ ਸਿਵਲ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਇੰਡੀਗੋ ਦੇ CEO ਪੀਟਰ ਐਲਬਰਸ ਨਾਲ ਤਤਕਾਲ ਮੀਟਿੰਗ ਕਰਕੇ ਸਥਿਤੀ ਦੀ ਸਮੀਖਿਆ ਕੀਤੀ।
ਚਾਰ ਮੈਂਬਰੀ ਜਾਂਚ ਕਮੇਟੀ ਗਠਿਤ
ਉਡਾਣਾਂ ਦੇ ਰੱਦ ਹੋਣ ਅਤੇ ਦੇਰੀ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹੋਈ ਅਸੁਵਿਧਾ ਦੇ ਮੱਦੇਨਜ਼ਰ, ਡੀਜੀਸੀਏ ਨੇ ਸੰਕਟ ਦੇ ਮੁੱਢ ਕਾਰਣਾਂ ਦੀ ਜਾਂਚ ਅਤੇ ਰਾਹਤ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ।