ਰਾਮਬਨ ਖੇਤਰ ’ਚ ਫਲੈਸ਼ ਫਲੱਡ; 4 ਵਿਅਕਤੀ ਲਾਪਤਾ, ਰਾਹਤ ਤੇ ਬਚਾਅ ਕਾਰਜ ਜਾਰੀ
Ramban Cloudburst: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਜਗੜ੍ਹ ਇਲਾਕੇ ਵਿੱਚ ਅੱਜ ਸਵੇਰੇ ਜ਼ਮੀਨ ਖਿਸਕਣ ਅਤੇ ਭਾਰੀ ਮੀਂਹ ਪੈਣ ਕਾਰਨ ਭਿਆਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇਸ ਕੁਦਰਤੀ ਆਫ਼ਤ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਚਾਰ ਲੋਕ ਅਜੇ ਵੀ ਲਾਪਤਾ ਹਨ।
ਹੜ੍ਹ ਦੇ ਪਾਣੀ ਵਿੱਚ ਕਈ ਘਰ ਪੂਰੀ ਤਰ੍ਹਾਂ ਵਹਿ ਗਏ ਹਨ ਜਾਂ ਮਲਬੇ ਹੇਠ ਦੱਬ ਗਏ ਹਨ। ਪ੍ਰਸ਼ਾਸਨ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਲਈ ਲਗਾਤਾਰ ਖੋਜ ਕਾਰਜ ਚਲਾ ਰਹੀਆਂ ਹਨ।
ਅਸਥਾਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ
ਖੇਤਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਲਈ ਅਸਥਾਈ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਉਨ੍ਹਾਂ ਨੂੰ ਰਿਹਾਇਸ਼, ਭੋਜਨ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਦਰਿਆਵਾਂ ਅਤੇ ਨਾਲਿਆਂ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਪ੍ਰਸ਼ਾਸਨ ਨੇ ਕੀਤੇ ਤੁਰੰਤ ਕਦਮ, ਹੋਰ ਟੀਮਾਂ ਤਾਇਨਾਤ ਹੋਣ ਦੀ ਸੰਭਾਵਨਾ
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇ ਲੋੜ ਪਈ ਤਾਂ ਵਧੂ ਰੈਸਕਿਊ ਟੀਮਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਹੜ੍ਹ ਅਤੇ ਮੀਂਹ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ, ਇਸ ਲਈ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।