ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੇਰ ਸਾਹਿਬ ਵਿਖੇ ਹੋਏ ਨਤਮਸਤਕ,ਕਿਹਾ – ਪੰਥ ਦੇ ਨਿਸ਼ਾਨ ਥੱਲੇ ਇਕਜੁੱਟ ਹੋਣ ਦੀ ਲੋੜ

Jathedar Giani Kuldeep Singh GarhGajj Paid Obeisance at Ber Sahib : ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਨਵੇਂ ਬਣਾਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਏ। ਇਸ ਮੌਕੇ ਤੇ ਉਨ੍ਹਾਂ ਗੁਰੂਘਰ ਦੇ ਦਰਬਾਰ ‘ਚ ਮੱਥਾ ਟੇਕਿਆ ਅਤੇ ਸਵੇਰ ਦੀ ਅਰਦਾਸ ਦੌਰਾਨ ਸ਼ਮੂਲੀਅਤ ਕੀਤੀ।
ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਅਸਥਾਨ ਤੇ ਸ਼ੀਸ਼ ਨਿਵਾਇਆ ਅਤੇ ਗੁਰੂ ਸਾਹਿਬ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਦੇ ਨਾਲ ਲਗਾਏ ਗਏ ਪਵਿੱਤਰ ਬੇਰੀ ਰੁੱਖ ਦੇ ਦਰਸ਼ਨ ਦੀਦਾਰ ਵੀ ਕੀਤੇ। ਇਸ ਉਪਰੰਤ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ।
ਪ੍ਰੈਸ ਕਾਨਫਰਸ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਐਮਨਾਬਾਦ ਅਤੇ ਲਾਹੌਰ ਆਦਿ ਵੱਖ-ਵੱਖ ਥਾਵਾਂ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਅਸਥਾਨਾਂ ਦੇ ਦਰਸ਼ਨ ਕੀਤੇ ਤੇ ਉਹ ਇੱਕ ਬੜਾ ਚੰਗਾ ਅਨੁਭਵ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਾਘਾ ਟੱਪਿਆ ਤਾਂ ਮੇਰੇ ਮਨ ‘ਚ ਖਿਆਲ ਆਇਆ ਕਿ ਸੁਲਤਾਨਪੁਰ ਲੋਧੀ ਚ ਵੀ ਗੁਰੂ ਘਰ ਦੇ ਦਰਸ਼ਨ ਕਰਾਂ ਮਨ ਵਿੱਚ ਇੱਛਾ ਸੀ ਕਿ ਇਸ ਸਥਾਨ ਤੇ ਆਉਣਾ ਚਾਹੀਦਾ ਹੈ ਤਾਂ ਹੀ ਸਾਡੀ ਯਾਤਰਾ ਮੁਕਮਲ ਮੰਨੀ ਜਾਊਗੀ। ਅੱਜ ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਬੜੀ ਬਖਸ਼ਿਸ਼ ਕੀਤੀ ਕਿ ਅੱਜ ਅਸੀਂ ਅੰਮ੍ਰਿਤ ਵੇਲੇ ਇਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਤੇ ਆਏ ਹੈ ਤੇ ਦਿਲ ਗਦ ਗਦ ਹੋ ਗਿਆ।
ਇਸ ਸਮੇਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਗੁਰੂ ਦੀਆਂ ਸਮੂਹ ਸੰਗਤਾਂ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਤੁਸੀਂ ਅੱਜ ਇੱਥੇ ਹੋ ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਆਪ ਜੀ ਨੂੰ ਅੱਜ ਉਥੇ ਹੋਣਾ ਚਾਹੀਦਾ ਸੀ ਕੀ ਤੁਹਾਨੂੰ ਉਥੇ ਕਿਸੇ ਕਿਸਮ ਦਾ ਭੈਅ ਹੈ? ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਤਸ਼ਾਹ ਕਹਿੰਦੇ ਹਨ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾਹਦਾ ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਹੈ ਅਸੀਂ ਜਿਸ ਰੱਬ ਨੂੰ ਤਸਬਰ ਕਰਦੇ ਹਨ ਬਾਣੀ ਦੇ ਰਾਹੀਂ ਉਹਦੇ ਗੁਣ ਸਾਡੇ ਚ ਵੀ ਆਉਂਦੇ ਹਨ। ਡਰ ਵਾਲੀ ਤੇ ਕੋਈ ਗੱਲ ਨਹੀਂ, ਆਪਣੇ ਭਰਾਵਾਂ ਤੋਂ ਵੀ ਕੋਈ ਡਰਦਾ। ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਸਾਹਿਬ ਸਾਡਾ ਜਨਮ ਸਥਾਨ ਹੈ। ਵਾਸੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਹਾਂ। ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਹਨ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਸਾਡਾ ਇੱਕ ਸਾਂਝਾ ਪਰਿਵਾਰ ਹੈ। ਖਾਲਸਾ ਪੰਥ ਤਾਂ ਉਥੇ ਖਾਲਸਾ ਪੰਥ ਹੀ ਇਕੱਠਾ ਹੋਇਆ ਤੇ ਉਹ ਸਾਡੇ ਸਾਰੇ ਭਰਾ ਹਨ ਸਾਨੂੰ ਡਰ ਕੋਈ ਨਹੀਂ ਹੈ। ਅਸਲ ਦੇ ਵਿੱਚ ਕੁਝ ਰਝੇਵੇ ਹੈ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਅਨੰਦਪੁਰ ਸਾਹਿਬ। ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਉਦੋਂ ਖੁਸ਼ੀਆਂ ਤੇ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ, ਮੈਂ ਕਹਿੰਦਾ ਵੀ ਕੋਈ ਇਹ ਕੋਈ ਮਸਲਾ ਹੀ ਨਹੀਂ ਹੈ।
ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸਤੇ ਕੁਝ ਨਹੀਂ ਕਹਿਣਾ ਚਾਹਾਂਗਾ। ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ। ਜਥੇਦਾਰ ਸਾਹਿਬ ਦਾ ਮਸਲਾ ਹੈ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਹਾਂ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਹੈ ਸਾਡੇ ਪਿੰਡ ਖਾਲੀ ਹਨ ਅਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਹੈ, ਵੱਡੀ ਪੱਧਰ ਤੇ ਪ੍ਰਵਾਸ ਵੀ ਹੋਇਆ ਹੈ। ਤਾਂ ਇਹ ਜਿਹੜਾ ਉਦਾਸੀ ਦਾ ਆਲਮ ਹੈ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਹੈ। ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰ ਦਈਏ ਕਿ ਅਸੀਂ ਪਿੰਡ ਪਿੰਡ ਪਹੁੰਚਣਾ ਤੇ ਪਿੰਡ ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ।
ਪੰਜਾਬ ਦੇ ਮਾਝੇ ਮਾਲਵੇ ‘ਚ ਹੋ ਰਹੇ ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਮਸਲਾ ਗੰਭੀਰ ਹੈ, ਮੈਂ ਸਮਝਦਾ ਹਾਂ ਕਿ ਇਸ ਮਾਮਲੇ ਚ ਸਾਡੀ ਗੁਰੂ ਤੋਂ ਦੂਰੀ ਵੱਡਾ ਕਾਰਨ ਹੈ। ਅਸੀਂ ਪਦਾਰਥਵਾਦੀ ਹੋ ਗਏ ਹਾਂ। ਸਾਡੇ ਸਾਹਮਣੇ ਇਤਿਹਾਸ ਇਹ ਹੈ ਕਿ ਸਾਡੇ ਬੰਦ ਬੰਦ ਕੱਟੇ ਗਏ, ਸਾਡੀਆਂ ਖੋਪੜੀਆਂ ਲਾਹ ਦਿੱਤੀਆਂ ਗਈਆਂ, ਸ਼ਰਤ ਤੇ ਇਹ ਹੁੰਦੀ ਸੀ ਕਿ ਧਰਮ ਛੱਡ ਦਿਓ ਪਰ ਕਿਸੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਗੁਰੂ ਨਾਲ ਅੰਦਰੋ ਜੁੜੇ ਹੋਏ ਸਨ। ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਕਿ ਧਰਮ ਪ੍ਰਚਾਰ ਕਰੀਏ ਤੇ ਧਰਮ ਪ੍ਰਚਾਰ ਹੋਵੇਗਾ ਵੀ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥਾਂ, ਨਿਰਮਲ ਸੰਪਰਦਾਵਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਾਗਰ ਕਰਕੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾਵੇਗੀ।