K.S. Makhan ਦੀ ਅਕਾਲੀ ਦਲ ਵਿੱਚ ਐਂਟਰੀ, 2027 ਚੋਣਾਂ ਤੋਂ ਪਹਿਲਾਂ ਸਿਆਸੀ ਮੈਦਾਨ ਵਿੱਚ ਵੱਡੀ ਹਲਚਲ
KS Makhan join Akali Dal; ਜਲੰਧਰ ਦੇ ਨਕੋਦਰ ਵਿੱਚ ਜਨਮੇ ਪੰਜਾਬੀ ਗਾਇਕ ਅਤੇ ਪਹਿਲਵਾਨ ਕੇ.ਐਸ. ਮੱਖਣ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਹੈ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਸਿਰੋਪਾ ਪਹਿਨਾ ਕੇ ਪਾਰਟੀ ਵਿੱਚ ਸਵਾਗਤ ਕੀਤਾ। 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲੀ ਦਲ ਨੇ ਇੱਕ ਹਫ਼ਤੇ ਵਿੱਚ ਦੂਜੇ ਵੱਡੇ ਕਬੱਡੀ ਖਿਡਾਰੀ ਨੂੰ ਪਾਰਟੀ ਨਾਲ ਜੋੜਿਆ ਹੈ। ਇਸ ਤੋਂ ਪਹਿਲਾਂ ਕਬੱਡੀ ਖਿਡਾਰੀ ਗੋਪੀ ਫਰੰਦੀਪੁਰੀਆ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ।
ਖੇਮਕਰਨ ਅਤੇ ਨਕੋਦਰ ਦੀਆਂ ਦੋਵੇਂ ਸੀਟਾਂ ‘ਤੇ 2022 ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਨੀਵਾਰ ਰਾਤ ਸੁਖਬੀਰ ਬਾਦਲ ਕੇ.ਐਸ. ਮੱਖਣ ਦੇ ਪਿੰਡ ਸ਼ੰਕਰ ਪਹੁੰਚੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ। ਪੰਜਾਬ ਦੀ ਰਾਜਨੀਤੀ ਵਿੱਚ ਕੇ.ਐਸ. ਮੱਖਣ ਦੀ ਇਹ ਦੂਜੀ ਸਰਗਰਮ ਪਾਰੀ ਹੋਵੇਗੀ। ਇਸ ਤੋਂ ਪਹਿਲਾਂ ਮੱਖਣ ਬਸਪਾ ਵਿੱਚ ਰਹਿ ਚੁੱਕੇ ਹਨ।
ਕੇ.ਐਸ. ਮੱਖਣ ਨੇ 2014 ਵਿੱਚ ਬਸਪਾ ਦੇ ਟਿਕਟ ‘ਤੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ। ਇਸ ਚੋਣ ਵਿੱਚ ਉਨ੍ਹਾਂ ਨੂੰ 69,124 ਵੋਟਾਂ ਮਿਲੀਆਂ ਅਤੇ ਉਹ ਚੌਥੇ ਸਥਾਨ ‘ਤੇ ਰਹੇ। ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ 2016 ਵਿੱਚ ਮੱਖਣ ਨੇ ਬਸਪਾ ਛੱਡ ਦਿੱਤੀ ਅਤੇ ਸ਼ਿਰੋਮਣੀ ਅਕਾਲੀ ਦਲ ਨਾਲ ਜੁੜੇ, ਹਾਲਾਂਕਿ ਉਹ ਸਰਗਰਮ ਰਾਜਨੀਤੀ ਵਿੱਚ ਨਹੀਂ ਰਹੇ।
ਜਲੰਧਰ ਦੇ ਨਕੋਦਰ ਵਿਧਾਨ ਸਭਾ ਹਲਕੇ ਵਿੱਚ ਆਉਂਦੇ ਆਪਣੇ ਪਿੰਡ ਵਿੱਚ ਕੇ.ਐਸ. ਮੱਖਣ ਨੇ ਐਲਾਨ ਕੀਤਾ ਕਿ ਹੁਣ ਉਹ ਸਰਗਰਮ ਰਾਜਨੀਤੀ ਕਰਨਗੇ।
ਸੁਖਬੀਰ ਬਾਦਲ ਬੋਲੇ – ਕੇ.ਐਸ. ਮੱਖਣ ਦੀ ਵਾਪਸੀ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ
ਕੇ.ਐਸ. ਮੱਖਣ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੱਖਣ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਸਵਾਗਤ ਹੈ। ਉਨ੍ਹਾਂ ਕਿਹਾ ਕਿ ਮੱਖਣ ਦੀ ਵਾਪਸੀ ਨਾਲ ਖਾਸ ਤੌਰ ‘ਤੇ ਨੌਜਵਾਨਾਂ ਵਿੱਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਸੁਖਬੀਰ ਨੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਹਰ ਮਿਹਨਤੀ ਵਰਕਰ ਨੂੰ ਯੋਗ ਮਾਨ-ਸਨਮਾਨ ਦਿੱਤਾ ਜਾਵੇਗਾ।
ਮੱਖਣ ਬੋਲੇ – ਰਾਜਨੀਤੀ ਵਿੱਚ ਵਾਪਸੀ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੇ.ਐਸ. ਮੱਖਣ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦਾ ਹਮੇਸ਼ਾ ਲਗਾਵ ਰਿਹਾ ਹੈ ਅਤੇ ਅੱਜ ਆਪਣੇ ਰਾਜਨੀਤਿਕ ਘਰ ਵਾਪਸ ਆ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਇਲਾਕੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।
ਨਕੋਦਰ ਵਿੱਚ ਕਲੋਜ਼ ਫਾਈਟ ਵਿੱਚ ਹਾਰੇ ਸਨ ਅਕਾਲੀ ਉਮੀਦਵਾਰ ਵਡਾਲਾ
ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਸੀਟ ਤੋਂ ਲਗਾਤਾਰ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। 2022 ਵਿੱਚ ਆਪ ਦੀ ਲਹਿਰ ਦੌਰਾਨ ਵਡਾਲਾ ਨੂੰ ਆਪ ਉਮੀਦਵਾਰ ਇੰਦਰਜੀਤ ਕੌਰ ਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਦਰਜੀਤ ਕੌਰ ਮਾਨ ਨੂੰ 42,868 ਵੋਟਾਂ ਮਿਲੀਆਂ ਸਨ, ਜਦਕਿ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ 39,999 ਵੋਟਾਂ ਪ੍ਰਾਪਤ ਹੋਈਆਂ। ਇਸ ਕਰੀਬੀ ਮੁਕਾਬਲੇ ਵਿੱਚ ਹਾਰੀ ਸੀਟ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਮੁੜ ਜਿੱਤਣਾ ਚਾਹੁੰਦਾ ਹੈ।