ਕਪੂਰਥਲਾ ਦੇ ਸੁਲਤਾਨਪੁਰ ਲੋਧੀ ਬੱਸ ਲੁੱਟ ਮਾਮਲਾ ਸੁਲਝਿਆ, ਦੋ ਦੋਸ਼ੀ ਕਾਬੂ
Kapurthala bus robbery case; ਕਪੂਰਥਲਾ ਦੇ ਸੁਲਤਾਨਪੁਰ ਲੋਧੀ ਖੇਤਰ ਵਿੱਚ ਹੋਈ ਸਰਕਾਰੀ ਬੱਸ ਲੁੱਟ ਮਾਮਲੇ ‘ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐਸਪੀਡੀ ਹਰਿੰਦਰ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸ.ਐਸ.ਪੀ ਕਪੂਰਥਲਾ ਗੌਰਵ ਤੂਰਾ IPS ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਕੁਝ ਹੀ ਦਿਨਾਂ ਵਿੱਚ ਟ੍ਰੇਸ ਕਰ ਲਿਆ।
ਉਨ੍ਹਾਂ ਦੱਸਿਆ ਕਿ 3 ਅਪ੍ਰੈਲ 2026 ਨੂੰ ਪੰਜਾਬ ਰੋਡਵੇਜ਼ ਦੀ ਮਿੰਨੀ ਬੱਸ (PB-08-DG-5859) ਦੇ ਕੰਡਕਟਰ ਮਲਕੀਤ ਰਾਮ ਵੱਲੋਂ ਦਿੱਤੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਘਟਨਾ ਸਮੇਂ ਪਿੰਡ ਕੁਲਾਰਾ ਨੇੜੇ ਟਮਾਟਰ ਸੌਸ ਫੈਕਟਰੀ ਕੋਲ ਇੱਕ ਹਾਂਡਾ ਸਿਟੀ ਕਾਰ (PB-08-AZ-4567) ਨੇ ਬੱਸ ਨੂੰ ਰੋਕਿਆ ਅਤੇ ਦੋ ਨੌਜਵਾਨਾਂ ਨੇ ਦਾਤਰ ਦੇ ਬਲ ‘ਤੇ ਕਰੀਬ 900 ਰੁਪਏ ਲੁੱਟ ਕੇ ਫਰਾਰ ਹੋ ਗਏ।
ਐਸਪੀਡੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਤਫਤੀਸ਼ ਦੌਰਾਨ ਦੋਸ਼ੀਆਂ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਸਿਧਵਾ ਦੋਨਾ ਅਤੇ ਅਲਮਸਤ ਲੋਟੀਆ ਵਾਸੀ ਵਰਿਆਹਾ ਨੂੰ 7 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਹੋਰ ਦੱਸਿਆ ਕਿ ਦੋਸ਼ੀਆਂ ਕੋਲੋਂ ਲੁੱਟੀ ਗਈ 900 ਰੁਪਏ ਨਗਦੀ, ਵਾਰਦਾਤ ਵਿੱਚ ਵਰਤੀ ਹਾਂਡਾ ਸਿਟੀ ਕਾਰ ਅਤੇ ਦਾਤਰ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਜਾਰੀ ਹੈ।
ਅਪਰਾਧਿਕ ਪਿਛੋਕੜ ਵੀ ਆਈ ਸਾਹਮਣੇ:
ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਹਰਿੰਦਰ ਸਿੰਘ ਗਿੱਲ ਨੇ ਇਹ ਵੀ ਖੁਲਾਸਾ ਕੀਤਾ ਕਿ ਮੁੱਖ ਦੋਸ਼ੀ ਸੁਖਦੇਵ ਸਿੰਘ ਉਰਫ ਸੁੱਖਾ ਇੱਕ ਆਦਤੀ ਅਪਰਾਧੀ ਹੈ। ਉਸਦੇ ਖ਼ਿਲਾਫ ਪਹਿਲਾਂ ਵੀ ਕਤਲ (ਧਾਰਾ 302 IPC), ਲੁੱਟ (379-ਬੀ IPC) ਦੇ ਕਈ ਕੇਸ ਅਤੇ NDPS ਐਕਟ ਹੇਠ ਨਸ਼ੇ ਨਾਲ ਸੰਬੰਧਿਤ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਦੂਜੇ ਦੋਸ਼ੀ ਅਲਮਸਤ ਲੋਟੀਆ ‘ਤੇ ਵੀ ਲੁੱਟ ਅਤੇ ਚੋਰੀ ਦੇ ਕੇਸ ਦਰਜ ਹਨ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਦੋਸ਼ੀ ਪਹਿਲਾਂ ਤੋਂ ਹੀ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਰਹੇ ਹਨ।
ਬਰਾਮਦਗੀ:
900 ਰੁਪਏ ਨਗਦ
ਹਾਂਡਾ ਸਿਟੀ ਕਾਰ (PB-08-AZ-4567)
ਵਾਰਦਾਤ ਵਿੱਚ ਵਰਤਿਆ ਦਾਤਰ
ਅੰਤ ਵਿੱਚ ਐਸਪੀਡੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਕਪੂਰਥਲਾ ਵਿੱਚ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।