ਅੱਜ ਚੰਡੀਗੜ੍ਹ ਵਿਖੇ ਕਾਮੇਡੀ ਕਿੰਗ ਅਤੇ ਪ੍ਰੋਫੈਸਰ ਡਾ. ਜਸਵਿੰਦਰ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ
ਚੰਡੀਗੜ੍ਹ: ਅੱਜ ਦੁਪਹਿਰ 12.00 ਤੋਂ 1.30 ਵਜੇ ਤੱਕ ਡਾ. ਜਸਵਿੰਦਰ ਸਿੰਘ ਭੱਲਾ ਦਾ ਭੋਗ ਅਤੇ ਅੰਤਿਮ ਅਰਦਾਸ ਰੱਖੀ ਗਈ ਹੈ। ਗੁਰਦੁਆਰਾ ਸਾਹਿਬ ਸੈਕਟਰ 34ਏ, ਚੰਡੀਗੜ੍ਹ ਵਿਖੇ ਅੰਤਿਮ ਅਰਦਾਸ ਹੋਵੇਗੀ। ਇਸ ਮੌਕੇ ਕਰਮਜੀਤ ਅਨਮੋਲ ਨੇ ਇੱਕ ਭਾਵੁਕ ਪੋਸਟ ਲਿਖੀ ਅਤੇ ਆਪਣੇ ਸਾਥੀ ਕਲਾਕਾਰ ਜਸਵਿੰਦਰ ਭੱਲਾ ਨੂੰ ਯਾਦ ਕੀਤਾ।
ਪੋਸਟ ’ਚ ਕਰਮਜੀਤ ਅਨਮੋਲ ਨੇ ਲਿਖਿਆ
ਦੁਨੀਆਂ ਦੇ ਵਿੱਚ ਰੱਖ ਤੂੰ ਬੰਦਿਆ ਐਸਾ ਬਹਿਣ ਖਲੋਣ,
ਤੂੰ ਆਵੇਂ ਤਾਂ ਹੱਸਣ ਸਾਰੇ ਤੁਰ ਜਾਵੇਂ ਤਾਂ ਰੋਣ । ਭੱਲਾ ਭਾਅ ਜੀ, ਤੁਸੀਂ ਦੁਨੀਆਂ ਦੇ ਉਹ ਚੰਦ ਕੁ ਬੰਦਿਆਂ ‘ਚੋਂ ਸੀ, ਜਿਨ੍ਹਾਂ ਤੇ ਉਪਰੋਕਤ ਲਾਈਨਾਂ ਢੁੱਕਦੀਆਂ ਨੇ। ਸੱਚੀਂ, ਜਿਸ ਵੀ ਮਹਿਫ਼ਲ ਵਿੱਚ ਹੁੰਦੇ ਸੀ, ਉਸ ਮਹਿਫ਼ਲ ਨੂੰ ਚਾਰ ਚੰਨ ਲੱਗ ਜਾਂਦੇ ਸੀ । ਅੱਜ ਤੁਹਾਡੀ ਅੰਤਿਮ ਅਰਦਾਸ ਹੈ ,ਪਰ ਅਜੇ ਵੀ ਯਕੀਨ ਨਹੀਂ ਆਉਂਦਾ ਕਿ ਤੁਸੀਂ ਕਦੇ ਵੀ ਵਾਪਸ ਨਹੀਂ ਆਉਣਾ। ਭਾਅ ਜੀ ਆਹ ਜੋ ਮੇਰੇ ਸਿਰ ‘ਤੇ ਦਸਤਾਰ ਬੱਝੀ ਹੈ ,ਆਪਾਂ ਉਸ ਦਿਨ ਦੋਵਾਂ ਨੇ ਤੁਹਾਡੇ ਸਟਾਇਲ ਦੀਆਂ ਦਸਤਾਰਾਂ ਸਜਾਈਆਂ ਸਨ। ਬਹੁਤ ਸਾਰੀਆਂ ਯਾਦਾਂ ਨੇ ਜੋ ਤੁਹਾਡੇ ਨਾਲ਼ ਜੁੜੀਆਂ ਹਨ। ਤੁਸੀਂ ਜਿੰਨੇ ਵੱਡੇ ਫ਼ਨਕਾਰ ਸੀ, ਉਸ ਤੋਂ ਵੀ ਵੱਡੇ ਇਨਸਾਨ ਸੀ । ਤੁਹਾਡੇ ਵਰਗੇ ਇਨਸਾਨਾਂ ਦੀ ਉਮਰ ਐਨੀ ਛੋਟੀ ਨੀ ਹੋਣੀ ਚਾਹੀਦੀ, ਪਰ ਭਾਅ ਜੀ ਤੁਸੀਂ ਹਮੇਸ਼ਾ ਸਾਡੇ ਚੇਤਿਆਂ ‘ਚ ਸਾਡੇ ਦਿਲਾਂ ਚ ਧੜਕਦੇ ਰਹੋਗੇ। ਵਾਹਿਗੁਰੂ ਤੁਹਾਡੇ ਵਰਗੀ ਸੱਚੀ- ਸੁੱਚੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਅਤੇ ਤੁਹਾਡੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
