Kisan Credit Card: ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਵੱਲੋਂ ਹੁਣ ਹਰ ਕਿਸਾਨ ਨੂੰ 5 ਲੱਖ ਰੁਪਏ ਤੱਕ ਦੇ ਕਰਜ਼ ਉਪਰ ਰਾਹਤ ਦਿੱਤੀ ਗਈ ਹੈ। ਸਰਕਾਰ ਵੱਲੋਂ ਪੰਜ ਲੱਖ ਤੱਕ ਦੇ ਲੋਨ ਉਪਰ ਵਿਆਜ਼ ਸਬਸਿਡੀ ਦਿੱਤੀ ਜਾ ਰਹੀ ਹੈ। ਪਹਿਲਾਂ ਇਹ ਰਾਸ਼ੀ ਸਿਰਫ ਤਿੰਨ ਲੱਖ ਰੁਪਏ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ 7 ਫੀਸਦੀ ਵਿਆਜ ਉਪਰ ਪੰਜ ਲੱਖ ਤੱਕ ਦਾ ਕਰਜ਼ ਮਿਲਦਾ ਹੈ। ਇਸ ਉਮਰ ਸਰਕਾਰ ਵੱਲੋਂ 3 ਫੀਸਦੀ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਹਿਸਾਬ ਨਾਲ ਕਿਸਾਨਾਂ ਨੂੰ ਸਿਰਫ 4 ਫੀਸਦੀ ਵਿਆਜ ਦੇਣੀ ਪੈਂਦੀ ਹੈ। ਇਹ ਸਰਕਾਰੀ ਕਰਜ਼ਾ ਸ਼ਾਹੂਕਾਰ ਤੋਂ ਲਏ ਕਰਜ਼ੇ ਤੋਂ 14 ਫੀਸਦੀ ਸਸਤਾ ਹੈ।
ਦਰਅਸਲ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਉਦੇਸ਼ ਨਾਲ ਦੇਸ਼ ਵਿੱਚ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਕਈ ਯੋਜਨਾਵਾਂ ਹਨ। ਕਿਸਾਨ ਕ੍ਰੈਡਿਟ ਕਾਰਡ ਯੋਜਨਾ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਤੇ ਉਨ੍ਹਾਂ ਨੂੰ ਸਸਤੀਆਂ ਦਰਾਂ ‘ਤੇ ਕਰਜ਼ਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੀ ਖਾਸ ਗੱਲ ਇਹ ਹੈ ਕਿ ਕਿਸਾਨ ਆਸਾਨੀ ਨਾਲ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਪਹਿਲਾਂ ਇਸ ਦੀ ਸੀਮਾ 3 ਲੱਖ ਰੁਪਏ ਸੀ।
ਇਸ ਯੋਜਨਾ ਤਹਿਤ ਕਿਸਾਨ ਥੋੜ੍ਹੇ ਸਮੇਂ ਦੀ ਖੇਤੀ, ਵਾਢੀ ਤੋਂ ਬਾਅਦ ਦੇ ਖਰਚੇ, ਘਰੇਲੂ ਜ਼ਰੂਰਤਾਂ, ਪਸ਼ੂ ਪਾਲਣ ਤੇ ਖੇਤ ਦੀ ਮੁਰੰਮਤ ਵਰਗੇ ਕਈ ਕੰਮਾਂ ਲਈ ਕਰਜ਼ਾ ਲੈ ਸਕਦੇ ਹਨ। ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ ਥੋੜ੍ਹੇ ਸਮੇਂ ਦੇ ਕਰਜ਼ੇ ਦਿੱਤੇ ਜਾਂਦੇ ਹਨ। ਇਸ ਯੋਜਨਾ ਤਹਿਤ ਕਿਸਾਨ ਕੁੱਲ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਫਸਲ ਲਈ 3 ਲੱਖ ਰੁਪਏ ਤੇ ਖੇਤੀ ਨਾਲ ਸਬੰਧਤ ਕੰਮ ਲਈ 2 ਲੱਖ ਰੁਪਏ ਦਾ ਕਰਜ਼ਾ ਉਪਲਬਧ ਹੈ।
ਇਸ ਦੀ ਵਿਆਜ ਦਰ 7 ਪ੍ਰਤੀਸ਼ਤ ਹੈ। ਸਰਕਾਰ ਇਸ ਯੋਜਨਾ ਵਿੱਚ 2 ਪ੍ਰਤੀਸ਼ਤ ਵਿਆਜ ਸਬਸਿਡੀ ਤੇ 3 ਪ੍ਰਤੀਸ਼ਤ ਸਮੇਂ ਸਿਰ ਅਦਾਇਗੀ ਬੋਨਸ ਦਿੰਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਿਰਫ 4 ਪ੍ਰਤੀਸ਼ਤ ਦੀ ਸਾਲਾਨਾ ਵਿਆਜ ਦਰ ‘ਤੇ ਕਰਜ਼ਾ ਮਿਲਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਜ਼ੇ ‘ਤੇ ਸਿਰਫ 4 ਪ੍ਰਤੀਸ਼ਤ ਵਿਆਜ ਦੇਣਾ ਪੈਂਦਾ ਹੈ। ਇਹ ਦੇਸ਼ ਵਿੱਚ ਉਪਲਬਧ ਸਭ ਤੋਂ ਸਸਤੇ ਖੇਤੀਬਾੜੀ ਕਰਜ਼ਿਆਂ ਵਿੱਚੋਂ ਇੱਕ ਹੈ।
ਕਿਸਾਨ ਕ੍ਰੈਡਿਟ ਕਾਰਡ ਕੌਣ ਪ੍ਰਾਪਤ ਕਰ ਸਕਦਾ
1 – ਛੋਟੇ ਤੇ ਸੀਮਾਂਤ ਕਿਸਾਨ
2 – ਭੂਮੀਹੀਣ ਖੇਤੀਬਾੜੀ ਮਜ਼ਦੂਰ
3 – ਪਸ਼ੂ ਪਾਲਣ, ਮੱਛੀ ਪਾਲਣ, ਰੇਸ਼ਮ ਖੇਤੀ, ਬਾਗਬਾਨੀ ਤੇ ਡੇਅਰੀ ਨਾਲ ਜੁੜੇ ਲੋਕ
4 – ਸਵੈ-ਸਹਾਇਤਾ ਸਮੂਹ (SHG) ਤੇ ਸੰਯੁਕਤ ਦੇਣਦਾਰੀ ਸਮੂਹ (JLG) ਵੀ ਇਸ ਲਈ ਯੋਗ ਹੋ ਸਕਦੇ ਹਨ।
ਕਿਸਾਨ ਕ੍ਰੈਡਿਟ ਕਾਰਡ ਲਈ ਇਹ ਦਸਤਾਵੇਜ਼ ਲੋੜੀਂਦੇ ਹੋਣਗੇ
ਇਸ ਯੋਜਨਾ ਵਿੱਚ ਅਪਲਾਈ ਕਰਨ ਲਈ ਵੋਟਰ ਆਈਡੀ, ਪੈਨ ਕਾਰਡ ਜਾਂ ਆਧਾਰ ਕਾਰਡ ਦੀ ਲੋੜ ਹੋਵੇਗੀ। ਇਹ ਦਸਤਾਵੇਜ਼ ਤੁਹਾਡੇ ਤੋਂ ਆਈਡੀ ਪਰੂਫ਼ ਤੇ ਪਤੇ ਦੇ ਸਬੂਤ ਲਈ ਮੰਗੇ ਜਾ ਸਕਦੇ ਹਨ।
ਔਨਲਾਈਨ ਅਰਜ਼ੀ ਕਿਵੇਂ ਦੇਣੀ
1 – ਸਭ ਤੋਂ ਪਹਿਲਾਂ ਆਪਣੀ ਪਸੰਦ ਦੇ ਬੈਂਕ ਦੀ ਵੈੱਬਸਾਈਟ ‘ਤੇ ਜਾਓ।
2 – ਤੁਹਾਨੂੰ ਹੋਮ ਪੇਜ ‘ਤੇ ਕਿਸਾਨ ਕ੍ਰੈਡਿਟ ਕਾਰਡ ਦਿਖਾਈ ਦੇਵੇਗਾ।
3 – ਜਿਵੇਂ ਹੀ ਤੁਸੀਂ ਕਿਸਾਨ ਕ੍ਰੈਡਿਟ ਕਾਰਡ ‘ਤੇ ਕਲਿੱਕ ਕਰਦੇ ਹੋ, ਅਪਲਾਈ ਕਰਨ ਦਾ ਵਿਕਲਪ ਦਿਖਾਈ ਦੇਵੇਗਾ।
4 – ਜਿਵੇਂ ਹੀ ਤੁਸੀਂ ਅਪਲਾਈ ‘ਤੇ ਕਲਿੱਕ ਕਰਦੇ ਹੋ, ਤੁਹਾਨੂੰ ਇੱਕ ਨਵਾਂ ਪੰਨਾ ਦਿਖਾਈ ਦੇਵੇਗਾ।
5 – ਆਪਣੇ ਸਾਰੇ ਵੇਰਵੇ ਭਰੋ ਤੇ ਸਬਮਿਟ ‘ਤੇ ਕਲਿੱਕ ਕਰੋ।
6 – ਇਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਰੈਫਰੈਂਸ ਨੰਬਰ ਦਿਖਾਈ ਦੇਵੇਗਾ।
7 – ਜੇਕਰ ਤੁਸੀਂ ਯੋਗ ਹੋ ਤਾਂ ਬੈਂਕ 5 ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕਰੇਗਾ।