‘ਟਟੀਰੀ’ ਗੀਤ ਵਿਵਾਦ ‘ਤੇ ਬਾਦਸ਼ਾਹ ਨੇ ਮੰਗੀ ਮਾਫ਼ੀ, 50 ਕੁੜੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਕੀਤਾ ਵਾਅਦਾ
Badshah Singer Apology; ਬਾਲੀਵੁੱਡ ਗਾਇਕ-ਰੈਪਰ ਬਾਦਸ਼ਾਹ ਨੇ ‘ਟਟੀਰੀ’ ਗੀਤ ਨੂੰ ਲੈ ਕੇ ਚੱਲ ਰਹੇ ਵਿਵਾਦ ਮਾਮਲੇ ਵਿੱਚ ਰਾਸ਼ਟਰੀ ਮਹਿਲਾ ਆਯੋਗ (NCW) ਅੱਗੇ ਪੇਸ਼ ਹੋ ਕੇ ਮਾਫ਼ੀ ਮੰਗ ਲਈ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਆਯੋਗ ਦੇ ਸਾਹਮਣੇ ਗਾਇਕ ਦੇ ਨਾਲ-ਨਾਲ ਡਾਇਰੈਕਟਰ ਜੋਬਨ ਸੰਧੂ, ਮਹਾਵੀਰ ਸਿੰਘ ਅਤੇ ਨਿਰਮਾਤਾ ਹਿਤੇਨ ਵੀ ਪੇਸ਼ ਹੋਏ।
ਇਸ ਮਾਮਲੇ ਦੀ ਸੁਣਵਾਈ ਆਯੋਗ ਦੀ ਅਧਿਆਕਸ਼ਾ ਵਿਜਯਾ ਰਹਾਟਕਰ ਵੱਲੋਂ ਕੀਤੀ ਗਈ। ਆਯੋਗ ਨੇ ਗੀਤ ਦੇ ਬੋਲ ਅਤੇ ਉਸਦੀ ਪ੍ਰਸਤੁਤੀ ਨੂੰ ਔਰਤਾਂ ਦੀ ਮਰਯਾਦਾ ਦੇ ਖ਼ਿਲਾਫ਼ ਦੱਸਦਿਆਂ ਨਾਰਾਜ਼ਗੀ ਜਤਾਈ। ਇਸ ਤੋਂ ਬਾਅਦ ਬਾਦਸ਼ਾਹ ਅਤੇ ਉਨ੍ਹਾਂ ਦੀ ਟੀਮ ਨੇ ਬਿਨਾ ਕਿਸੇ ਸ਼ਰਤ ਦੇ ਮਾਫ਼ੀ ਮੰਗ ਲਈ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਉਣ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਬਾਦਸ਼ਾਹ ਨੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ, ਚਾਰ ਮਹੀਨਿਆਂ ਦੇ ਅੰਦਰ ਇੱਕ ਸਕਾਰਾਤਮਕ ਗੀਤ ਬਣਾਉਣ ਅਤੇ ਆਰਥਿਕ ਤੌਰ ‘ਤੇ ਕਮਜ਼ੋਰ 50 ਲੜਕੀਆਂ ਦੀ ਸਿੱਖਿਆ ਦਾ ਖਰਚਾ ਚੁੱਕਣ ਦਾ ਵੀ ਵਾਅਦਾ ਕੀਤਾ।
ਬਾਦਸ਼ਾਹ ਨੇ ਵੀਡੀਓ ਸ਼ੇਅਰ ਕਰਕੇ ਮੰਗੀ ਸੀ ਮਾਫ਼ੀ
ਜਦੋਂ ਇਸ ਗਾਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ, ਤਾਂ ਬਾਦਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਮਾਫ਼ੀ ਮੰਗੀ ਸੀ। ਵੀਡੀਓ ਵਿੱਚ ਉਨ੍ਹਾਂ ਕਿਹਾ ਸੀ, “ਮੇਰਾ ‘ਟਟੀਰੀ’ ਗਾਣਾ ਜਦੋਂ ਤੋਂ ਰਿਲੀਜ਼ ਹੋਇਆ ਹੈ, ਇਸਦੇ ਇੱਕ ਹਿੱਸੇ ਵਿੱਚ ਮੇਰੇ ਲਿਰਿਕਸ ਅਤੇ ਵਿਜੁਅਲ ਪ੍ਰਜ਼ੈਂਟੇਸ਼ਨ ਕਾਰਨ ਜੋ ਸੰਦੇਸ਼ ਗਿਆ, ਉਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਖੁਦ ਹਰਿਆਣਾ ਤੋਂ ਹਾਂ ਅਤੇ ਮੇਰੀ ਪਹਿਚਾਣ ਵੀ ਹਰਿਆਣਾ ਨਾਲ ਹੀ ਹੈ। ਮੇਰਾ ਇਰਾਦਾ ਕਿਸੇ ਵੀ ਬੱਚੇ ਜਾਂ ਔਰਤ ਬਾਰੇ ਅਸ਼ਲੀਲ ਗੱਲ ਕਰਨ ਦਾ ਨਹੀਂ ਸੀ। ਉਹ ਸ਼ਬਦ ਕਿਸੇ ਵੀ ਔਰਤ ਜਾਂ ਬੱਚੇ ਲਈ ਨਹੀਂ ਸਨ। ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਹਰਿਆਣਾ ਦਾ ਪੁੱਤ ਸਮਝ ਕੇ ਮਾਫ਼ ਕਰ ਦਿੱਤਾ ਜਾਵੇਗਾ।”
ਜੀੰਦ ਵਿੱਚ ਹੋਈ ਸੀ ਗਾਣੇ ਦੀ ਸ਼ੂਟਿੰਗ: ਇਸ ਗਾਣੇ ਦੀ ਸ਼ੂਟਿੰਗ ਜੀੰਦ ਦੇ ਸੱਚਾ ਖੇੜਾ, ਨਰਵਾਣਾ ਅਤੇ ਦੁਬਈ ਵਿੱਚ ਕੀਤੀ ਗਈ ਸੀ। 26 ਫਰਵਰੀ ਨੂੰ ਬਾਦਸ਼ਾਹ ਇਸ ਗਾਣੇ ਦੀ ਪ੍ਰਮੋਸ਼ਨ ਲਈ ਹਰਿਆਣਾ ਦੇ ਕੈਥਲ ਅਤੇ ਸੋਨੀਪਤ ਵੀ ਪਹੁੰਚੇ ਸਨ। ਉੱਧਰ ਪ੍ਰੋਡਕਸ਼ਨ ਟੀਮ ਵੱਲੋਂ 14 ਮਾਰਚ ਨੂੰ ਸਿਮਰਨ ਅਤੇ ਬਾਦਸ਼ਾਹ ਦਾ ਮੁੰਬਈ ਵਿੱਚ ਇੱਕ ਸ਼ੋਅ ਵੀ ਸ਼ਡਿਊਲ ਕੀਤਾ ਗਿਆ ਸੀ, ਪਰ ਗਾਣੇ ਨੂੰ ਯੂਟਿਊਬ ਤੋਂ ਹਟਾਏ ਜਾਣ ਤੋਂ ਬਾਅਦ ਮੁੰਬਈ ਵਾਲਾ ਸ਼ੋਅ ਵੀ ਰੱਦ ਕਰ ਦਿੱਤਾ ਗਿਆ।