ਦੇਸ਼ ਭਰ ਵਿੱਚੋਂ ਕਿਸਾਨ ਯਾਤਰਾ ਕੱਢ ਕੇ 19 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਵੇਗਾ ਵੱਡਾ ਭਰਮਾ ਇਕੱਠ : ਜਗਜੀਤ ਡੱਲੇਵਾਲ
Latest News: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀ ਨਿਯੁਕਤੀ ਕਰਦਿਆਂ ਯੂਥ ਕਨਵੀਨਰ ਗੁਰਜਿੰਦਰ ਸਿੰਘ ਗੱਗੀ ਨੂੰ ਜਿਲੇ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਹੈ। ਜਿਸ ਦਾ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਵੱਲੋਂ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ।
ਜਗਜੀਤ ਸਿੰਘ ਡੱਲੇਵਾਲ ਨੇ ਜਿੱਥੇ ਨਵੇਂ ਨਿਯੁਕਤ ਕੀਤੇ ਗਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਗੱਗੀ ਨੂੰ ਅਹਿਮ ਜਿੰਮੇਵਾਰੀ ਮਿਲਣ ਤੇ ਸਵਾਗਤ ਕੀਤਾ। ਉੱਥੇ ਹੀ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਰੈਜੂਲੇਸ਼ਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ । ਇਸ ਮੁਹਿੰਮ ਦੌਰਾਨ ਦੇਸ਼ ਦੇ ਹਰ ਰਾਜ ਦੇ ਹਰ ਪਿੰਡ ਦੇ ਹਰ ਘਰ ਤੱਕ ਪਹੁੰਚ ਕਰਕੇ ਰੈਜੂਲੇਸ਼ਨ ਤੇ ਦਸਤਖਤ ਕਰਵਾਏ ਜਾਣਗੇ ਤਾਂ ਜੋ ਹਰ ਘਰ ਕਿਸਾਨੀ ਮੰਗਾਂ ਦੇ ਬਾਰੇ ਜਾਣੂ ਹੋ ਸਕੇ ।
ਜਗਜੀਤ ਡੱਲੇਵਾਲ ਨੇ ਐਲਾਨ ਕੀਤਾ ਕਿ ਪੂਰੇ ਭਾਰਤ ਵਿੱਚ 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਇਹ ਰੈਜੂਲੇਸ਼ਨ ਮੁਹਿੰਮ ਪੰਜਾਬ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਜ਼ਿਲਾ ਬਠਿੰਡਾ ਦੇ ਪਿੰਡ ਬੱਲੋਵਾਲ ਤੋਂ ਆਰੰਭ ਕੀਤਾ ਜਾਵੇਗਾ, ਜਦੋਂ ਕਿ ਹਰਿਆਣੇ ਦੀ ਮੁਹਿਮ ਜੀਂਦ ਤੇ ਯੂਪੀ ਵਿਖੇ ਆਪਣੀ ਰਾਜਧਾਨੀ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ 7 ਫਰਵਰੀ ਤੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੰਨਿਆ ਕੁਮਾਰੀ ਤੋਂ ਕਿਸਾਨ ਯਾਤਰਾ ਆਰੰਭ ਹੋਵੇਗੀ ਜੋ ਕਸ਼ਮੀਰ ਤੋਂ ਹੁੰਦੀ ਹੋਈ ਦਿੱਲੀ ਵਿਖੇ ਲਿਜਾ ਕੇ 19 ਮਾਰਚ ਨੂੰ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਸਾਰੇ ਦੇਸ਼ ਭਰ ਵਿੱਚੋਂ ਇਕੱਤਰ ਕੀਤੇ ਗਏ ਰੈਜੂਲੇਸ਼ਨਾਂ ਨੂੰ ਪ੍ਰਧਾਨ ਮੰਤਰੀ ਨੂੰ ਸੌਂਪੇ ਜਾਣਗੇ ਤਾਂ ਜੋ ਉਨ ਨੂੰ ਪਤਾ ਲੱਗ ਸਕੇ ਕਿ ਦੇਸ਼ ਦੇ ਹਰ ਇੱਕ ਘਰ ਦੀ ਇਹੀ ਮੰਗ ਹੈ।
ਇਸ ਮੌਕੇ ਨਵੇਂ ਚੁਣੇ ਗਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਗੱਗੀ ਨੇ ਸਮੁੱਚੀ ਜਿਲਾ ਜਥੇਬੰਦੀ ਅਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਅਗਵਾਈ ਵਿੱਚ ਕਿਸਾਨੀ ਮਸਲਿਆਂ ਨੂੰ ਵੱਡੇ ਪੱਧਰ ਤੇ ਉਠਾ ਕੇ ਹੱਲ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹ ਫਤਿਹਗੜ੍ਹ ਸਾਹਿਬ ਵਿੱਚ ਪਰਾਲੀ ਜਲਾਉਣ ਦੇ ਮਾਮਲਿਆਂ ਨੂੰ ਲੈ ਕੇ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਵੱਡਾ ਮੋਰਚਾ ਵਿੱਢਿਆ ਜਾਵੇਗਾ।