ਸਰਹੱਦੀ ਇਲਾਕਿਆਂ ਵਿੱਚ ਕਿਸਾਨਾਂ ਦੀ ਲੰਬੀ ਮੰਗ ਪੂਰੀ, ਹਲਕੇ ਦੇ ਲੋਕਾਂ ਨੇ ਕੀਤਾ ਸਵਾਗਤ
Dera Baba Nanak border; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੂੰ ਜੀਰੋ ਲਾਈਨ ਵੱਲ ਖਿਸਕਾਉਣ ਦੇ ਫੈਸਲੇ ਨੂੰ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਵੱਲੋਂ ਖੁਸ਼ੀ ਨਾਲ ਸਵਾਗਤ ਕੀਤਾ ਗਿਆ ਹੈ।
ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਪਹਿਲਾਂ ਉਹਨਾਂ ਦੀਆਂ ਫਸਲਾਂ ਕੰਡਿਆਲੀ ਤਾਰ ਦੇ ਪਾਰ ਸਨ ਅਤੇ ਉੱਥੇ ਜਾਣ ਲਈ Border Security Force ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਬੀਐਸਐਫ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਪਾਸ ਜਾਰੀ ਕੀਤੇ ਜਾਂਦੇ ਸਨ ਅਤੇ ਕਿਸਾਨਾਂ ਨੂੰ ਨਿਰਧਾਰਿਤ ਸਮੇਂ ਅੰਦਰ ਵਾਪਸ ਆਉਣਾ ਲਾਜ਼ਮੀ ਹੁੰਦਾ ਸੀ।
ਕਿਸਾਨਾਂ ਨੇ ਕਿਹਾ ਕਿ ਹੁਣ ਕੰਡਿਆਲੀ ਤਾਰ ਪਿੱਛੇ ਖਿਸਕਣ ਨਾਲ ਉਹ ਆਪਣੇ ਖੇਤਾਂ ਵਿੱਚ ਵਧੇਰੇ ਸਮਾਂ ਬਿਤਾ ਸਕਣਗੇ ਅਤੇ ਬਿਨਾਂ ਕਿਸੇ ਰੋਕ-ਟੋਕ ਦੇ ਖੇਤੀਬਾੜੀ ਕਰ ਸਕਣਗੇ, ਜਿਸ ਨਾਲ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ।
ਇਸਦੇ ਨਾਲ ਹੀ, ਸਰਕਾਰ ਵੱਲੋਂ ਐਸਡੀਐਮ ਨੂੰ ਕਲੈਕਟਰ ਦੀਆਂ ਸ਼ਕਤੀਆਂ ਦੇਣ ਦੇ ਫੈਸਲੇ ਦਾ ਵੀ ਕਿਸਾਨਾਂ ਨੇ ਸਵਾਗਤ ਕੀਤਾ ਹੈ। ਕਿਸਾਨਾਂ ਮੁਤਾਬਕ, ਪਹਿਲਾਂ ਕਈ ਮਾਮਲਿਆਂ ਵਿੱਚ ਐਸਡੀਐਮ ਨੂੰ ਡਿਪਟੀ ਕਲੈਕਟਰ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ, ਜਿਸ ਕਾਰਨ ਸਮੱਸਿਆਵਾਂ ਦੇ ਹੱਲ ਵਿੱਚ ਦੇਰੀ ਹੁੰਦੀ ਸੀ। ਹੁਣ ਇਹ ਸ਼ਕਤੀਆਂ ਮਿਲਣ ਨਾਲ ਕਿਸਾਨਾਂ ਦੇ ਕੰਮ ਤੇਜ਼ੀ ਨਾਲ ਨਿਪਟਣ ਦੀ ਉਮੀਦ ਹੈ।
ਸਰਹੱਦੀ ਕਿਸਾਨਾਂ ਨੇ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲੇ ਉਹਨਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।