Ludhiana West By-Poll Election: ਦੱਸ ਦਈਏ ਕਿ ਇਸ ਤੋਂ ਪਹਿਲਾ ਸ਼ਾਮ 5 ਵਜੇ ਤੱਕ 49.07 ਫ਼ੀਸਦੀ ਵੋਟਿੰਗ ਹੋਈ ਸੀ ਅਤੇ 3 ਵਜੇ ਤੱਕ 41.04 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਕੁੱਲ 175469 ਵੋਟਰ ਰਜਿਸਟਰਡ ਸੀ।
Ludhiana West By-Poll Election Result: 19 ਜੂਨ ਨੂੰ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਹੋਈ। ਵੋਟਿੰਗ ਆਪਣੇ ਨਿਰਧਾਰਤ ਸਮੇਂ ਮੁਤਾਬਕ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ। ਜੋ ਕਿ ਔਸਤਨ ਤੋਂ ਵੀ ਘੱਟ ਵੋਟਿੰਗ ਪ੍ਰਤੀਸ਼ਤਤਾ ਰਹੀ।
ਦੱਸ ਦਈਏ ਕਿ ਇਸ ਤੋਂ ਪਹਿਲਾ ਸ਼ਾਮ 5 ਵਜੇ ਤੱਕ 49.07 ਫ਼ੀਸਦੀ ਵੋਟਿੰਗ ਹੋਈ ਸੀ ਅਤੇ 3 ਵਜੇ ਤੱਕ 41.04 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਕੁੱਲ 175469 ਵੋਟਰ ਰਜਿਸਟਰਡ ਸੀ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਭਾਰਤ ਭੂਸ਼ਣ (ਇੰਡੀਅਨ ਨੈਸ਼ਨਲ ਕਾਂਗਰਸ), ਐਡਵੋਕੇਟ ਪਰਉਪਕਾਰ ਸਿੰਘ ਘੁੰਮਣ (ਸ਼੍ਰੋਮਣੀ ਅਕਾਲੀ ਦਲ), ਸੰਜੀਵ ਅਰੋੜਾ (ਆਮ ਆਦਮੀ ਪਾਰਟੀ), ਇੰਜ ਬਲਦੇਵ ਰਾਜ ਕਤਨਾ (ਆਜ਼ਾਦ), ਪਰਮਜੀਤ ਸਿੰਘ ਭਰਾਜ (ਆਜ਼ਾਦ), ਐਲਬਰਟ ਦੁਆ (ਆਜ਼ਾਦ), ਜਤਿੰਦਰ ਕੁਮਾਰ ਸ਼ਰਮਾ (ਨੈਸ਼ਨਲ ਲੋਕ ਸੇਵਾ ਪਾਰਟੀ), ਰਾਜੇਸ਼ ਸ਼ਰਮਾ (ਆਜ਼ਾਦ), ਨੀਟੂ (ਆਜ਼ਾਦ), ਜੀਵਨ ਗੁਪਤਾ (ਭਾਰਤੀ ਜਨਤਾ ਪਾਰਟੀ), ਨਵਨੀਤ ਕੁਮਾਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਰੇਨੂੰ (ਆਜ਼ਾਦ), ਪਵਨਦੀਪ ਸਿੰਘ (ਆਜ਼ਾਦ) ਅਤੇ ਗੁਰਦੀਪ ਸਿੰਘ ਕਾਹਲੋ (ਆਜ਼ਾਦ) ਚੋਣ ਮੈਦਾਨ ਵਿਚ ਹਨ। ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
ਇਨ੍ਹਾਂ ਚੋਣਾਂ ਲਈ 194 ਪੋਲਿੰਗ ਬੂਥ ਸਥਾਪਤ ਕੀਤੇ ਗਏ ਸੀ। ਇੱਕ ਪੋਲਿੰਗ ਬੂਥ ਵਿੱਚ ਵੋਟਰਾਂ ਦੀ ਗਿਣਤੀ 1200 ਤੱਕ ਰੱਖਣ ਦੇ ਚੋਣ ਕਮਿਸ਼ਨ ਦੇ ਹਾਲ ਹੀ ਦੇ ਫੈਸਲੇ ਦੇ ਕਾਰਨ, ਵੋਟਰਾਂ ਦੀ ਸਹੂਲਤ ਲਈ ਵਾਧੂ 2 ਨਵੇਂ ਪੋਲਿੰਗ ਬੂਥ ਵੀ ਬਣਾਏ ਗਏ। ਹਰੇਕ ਪੋਲਿੰਗ ਬੂਥ ‘ਤੇ ਸਹੂਲਤਾਂ ਦੀ ਵੋਟਰਾਂ ਲਈ ਆਮ ਵਿਵਸਥਾ ਤੋਂ ਇਲਾਵਾ, 194 ਪੋਲਿੰਗ ਸਟੇਸ਼ਨਾਂ ‘ਤੇ ਮੋਬਾਈਲ ਜਮ੍ਹਾ ਕਰਵਾਉਣ ਦੀ ਸਹੂਲਤ ਦਿੱਤੀ ਗਈ। ਇਸ ਦੇ ਇਲਾਵਾ 1 ਮਹਿਲਾ ਕਰਮਚਾਰੀਆਂ ਵਾਲਾ, 1 ਦਿਵਿਆਂਗ ਕਰਮਚਾਰੀਆਂ ਵਾਲਾ ਅਤੇ 10 ਮਾਡਲ ਪੋਲਿੰਗ ਸਟੇਸ਼ਨ ਵੀ ਬਣਾਏ ਗਏ।
2022 ਦੇ ਮੁਕਾਬਲੇ 13 ਫੀਸਦੀ ਤੱਕ ਘੱਟ ਰਹੀ ਵੋਟਿੰਗ
ਦੱਸ ਦਈਏ ਕਿ ਇਸ ਵਾਰ ਵੋਟਿੰਗ ਸਾਲ 2022 ਦੇ ਮੁਕਾਬਲੇ 13 ਫੀਸਦੀ ਤੱਕ ਘੱਟ ਰਹੀ ਹੈ। ਵਿਧਾਨਸਭਾ ਚੋਣਾਂ 2022 ‘ਚ ਇਸ ਹਲਕੇ ਵਿੱਚ 64.29 ਫੀਸਦੀ ਵੋਟਿੰਗ ਹੋਈ ਸੀ। ਉਸ ਸਮੇ ‘ਆਪ’ ਦੇ ਜੇਤੂ ਉਮੀਦਵਾਰ ਨੂੰ 34.46% ,ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ ਨੂੰ 28.6 %, ਭਾਜਪਾ ਦੇ ਐਡਵੋਕੇਟ ਵਿਕਰਮ ਸਿੰਘ ਸਿੱਧੂ ਨੂੰ 23.95% ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ 8.58% ਵੋਟਾਂ ਪਈਆਂ ਸਨ। ਇਸ ਵਾਰ ਦੀ ਪਿਛਲੇ 18 ਸਾਲਾਂ ਬਾਅਦ ਇਨੀ ਘੱਟ ਵੋਟਿੰਗ ਦਰਜ ਹੋਈ ਹੈ ਜੋ ਕਿ ਔਸਤਨ 56 .6% ਤੋਂ ਵੀ ਘੱਟ ਰਹੀ।
ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਪੈ ਰਹੀ ਕੜਾਕੇ ਦੀ ਗਰਮੀ ਵੀ ਘੱਟ ਵੋਟਿੰਗ ਦਾ ਕਾਰਨ ਬਣੀ ਹੈ। ਇਸ ਤੋਂ ਇਲਾਵਾ ਦੂਜਾ ਵੱਡਾ ਕਾਰਨ ਗਰਮੀਆਂ ਦੀਆਂ ਛੁੱਟੀਆਂ ਨੂੰ ਵੀ ਮੰਨਿਆ ਜਾ ਰਿਹਾ ਹੈ। ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਜ਼ਿਆਦਾਤਰ ਪਰਿਵਾਰ ਪਹਾੜਾਂ ਚ ਛੁੱਟੀਆਂ ਮਨਾਉਣ ਗਏ ਹੋਏ ਹਨ। ਚੋਣਾਂ ‘ਚ ਘੱਟ ਵੋਟਿੰਗ ਦਾ ਵੱਡਾ ਫਾਇਦਾ ਸੱਤਾਧਰ ਪਾਰਟੀ ਨੂੰ ਹੁੰਦਾ ਆਇਆ ਹੈ ਅਤੇ ਇਸ ਵਾਰ ਜ਼ਿਮਨੀ ਚੋਣ ‘ਚ ਕਾਫੀ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲਿਆ ਹੈ।
ਫਿਲਹਾਲ 14 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਬੰਦ ਹੈ ਜਿਨ੍ਹਾਂ ਦੇ ਨਤੀਜੇ 23 ਜੂਨ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਤੋ ਬਾਅਦ ਪਤਾ ਲੱਗਣਗੇ।